ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਦਿੱਲੀ ’ਚ ਪ੍ਰਦਰਸ਼ਨ

ਦਿੱਲੀ ਦੇ ਤੁਗ਼ਲਕਾਬਾਦ ਵਿਚ ਰਵਿਦਾਸ ਮੰਦਰ ਢਾਹੇ ਜਾਣ ਖ਼ਿਲਾਫ਼ ਅੱਜ ਪੂਰੇ ਭਾਰਤ ’ਚੋਂ ਕੌਮੀ ਰਾਜਧਾਨੀ ਪੁੱਜੇ ਦਲਿਤ ਭਾਈਚਾਰੇ ਨੇ ਰੋਸ ਮਾਰਚ ਕੀਤਾ। ਕੇਂਦਰੀ ਦਿੱਲੀ ਦੇ ਝੰਡੇਵਾਲਾ ਤੇ ਰਾਮ ਲੀਲਾ ਮੈਦਾਨ ਵਿਚਾਲੇ ਰਸਤਾ ਨੀਲੇ ਰੰਗ ਵਿਚ ਰੰਗਿਆ ਗਿਆ। ਦੱਸਣਯੋਗ ਹੈ ਕਿ ਦਿੱਲੀ ਵਿਕਾਸ ਅਥਾਰਿਟੀ ਨੇ 10 ਅਗਸਤ ਨੂੰ ਮੰਦਰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਢਾਹ ਦਿੱਤਾ ਸੀ। ਨੀਲੀਆਂ ਟੋਪੀਆਂ ਪਾ ਕੇ ਤੇ ਹੱਥਾਂ ਵਿਚ ਝੰਡੇ ਲੈ ਕੇ ਹਰ ਉਮਰ ਵਰਗ ਦੇ ਮੁਜ਼ਾਹਰਾਕਾਰੀ ਨੇ ਝੰਡੇਵਾਲਾਂ ਸਥਿਤ ਅੰਬੇਡਕਰ ਭਵਨ ਤੋਂ ਰਾਮਲੀਲਾ ਮੈਦਾਨ ਵੱਲ ਰੋਸ ਮਾਰਚ ਕੀਤਾ। ਇਸ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਆਵਾਜਾਈ ਪ੍ਰਭਾਵਿਤ ਹੋਈ। ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਈ ਹੋਰ ਸੂਬਿਆਂ ਤੋਂ ਪੁੱਜੇ ਪ੍ਰਦਰਸ਼ਨਕਾਰੀਆਂ ਦੇ ‘ਜੈ ਭੀਮ’ ਦੇ ਨਾਅਰੇ ਆਸਮਾਨ ਵਿਚ ਗੂੰਜ ਰਹੇ ਸਨ। ਦਲਿਤ ਭਾਈਚਾਰਾ ਮੰਦਰ ਵਾਲੀ ਜ਼ਮੀਨ ਸੌਂਪਣ ਤੇ ਮੰਦਰ ਦੀ ਦੁਬਾਰਾ ਉਸਾਰੀ ਦੀ ਮੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਦਲਿਤਾਂ ਵੱਲੋਂ 13 ਅਗਸਤ ਨੂੰ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ ਸਨ। ਇਸ ਤੋਂ ਬਾਅਦ ਮੁੱਦੇ ਨੇ ਸਿਆਸੀ ਰੰਗਤ ਫੜ ਲਈ ਤੇ ਕਈ ਪਾਰਟੀਆਂ ਨੇ ਮੰਦਰ ਨੂੰ ਮੁੜ ਉੱਥੇ ਹੀ ਉਸਾਰਨ ਜਾਂ ਬਦਲਵੀਂ ਥਾਂ ਉਸਾਰਨ ਦੀ ਮੰਗ ਕੀਤੀ। ਇਸ ਇਕੱਠ ’ਚ ਦਿੱਲੀ ਦੇ ਸਮਾਜ ਭਲਾਈ ਮੰਤਰੀ ਰਾਜੇਂਦਰ ਪਾਲ ਗੌਤਮ, ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਤੇ ਭਾਈਚਾਰੇ ਦੇ ਰੂਹਾਨੀ ਆਗੂ ਹਾਜ਼ਰ ਸਨ। ਗੌਤਮ ਨੇ ਕਿਹਾ ਕਿ ਇਹ ਰੋਸ ਸੁਪਰੀਮ ਕੋਰਟ ਦੇ ਹੁਕਮ ਖ਼ਿਲਾਫ਼ ਨਹੀਂ ਹੈ ਬਲਕਿ ਭਾਈਚਾਰੇ ਨਾਲ ਕੀਤੇ ਅਨਿਆਂ ਖ਼ਿਲਾਫ਼ ਹੈ। ਭਾਈਚਾਰਾ ‘ਅਖ਼ਿਲ ਭਾਰਤੀਆ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਸੰਯੁਕਤ ਸੰਰਕਸ਼ਣ ਸਮਿਤੀ’ ਦੇ ਬੈਨਰ ਥੱਲੇ ਇਕੱਠੇ ਹੋਇਆ ਸੀ। ਕੁਝ ਇਸ ਮੌਕੇ ਰਾਮਲੀਲਾ ਮੈਦਾਨ ਵਿਚ ਭੁੱਖ ਹੜਤਾਲ ’ਤੇ ਬੈਠ ਗਏ।

Previous articleਉੱਤਰਕਾਸ਼ੀ ’ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ
Next articleਰਵਿਦਾਸ ਮੰਦਰ ਮਾਮਲੇ ’ਤੇ ਵਿਸ਼ੇਸ਼ ਸੈਸ਼ਨ ਬੁਲਾਏਗੀ ਦਿੱਲੀ ਸਰਕਾਰ