ਰਣਜੀ ਸੈਮੀ ਫਾਈਨਲ: ਬੰਗਾਲ ਸਾਹਮਣੇ ਕਰਨਾਟਕ ਦੀ ਚੁਣੌਤੀ

ਬੰਗਾਲ ਨੂੰ ਰਣਜੀ ਟਰਾਫ਼ੀ ਦੇ ਫਾਈਨਲ ਵਿੱਚ 13 ਸਾਲ ਮਗਰੋਂ ਥਾਂ ਬਣਾਉਣ ਲਈ ਸ਼ਨਿਚਰਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਸੈਮੀ ਫਾਈਨਲ ਵਿੱਚ ਕਰਨਾਟਕ ਦੀ ਚੁਣੌਤੀ ਸਰ ਕਰਨੀ ਹੋਵੇਗੀ। ਕਰਨਾਟਕ ਦੀ ਟੀਮ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਮੱਧ ਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਦੀ ਵਾਪਸੀ ਨਾਲ ਮਜ਼ਬੂਤ ਹੋਈ ਹੈ। ਬੰਗਾਲ ਦੀ ਟੀਮ ਪਿਛਲੀ ਵਾਰ 1989-90 ਸੈਸ਼ਨ ਵਿੱਚ ਰਣਜੀ ਚੈਂਪੀਅਨ ਬਣੀ ਸੀ, ਜੋ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ ਪਹਿਲੀ ਸ਼੍ਰੇਣੀ ਵਿੱਚ ਪਲੇਠਾ ਸੈਸ਼ਨ ਸੀ। ਟੀਮ 2006-07 ਵਿੱਚ ਦੀਪ ਦਾਸਗੁਪਤਾ ਦੀ ਕਪਤਾਨੀ ਵਿੱਚ ਆਖ਼ਰੀ ਵਾਰ ਫਾਈਨਲ ਵਿੱਚ ਪਹੁੰਚੀ ਸੀ।
ਦੂਜੇ ਪਾਸੇ ਅੱਠ ਵਾਰ ਦੀ ਚੈਂਪੀਅਨ ਕਰਨਾਟਕ ਦੀ ਟੀਮ ਬੀਤੇ ਕੁੱਝ ਸਾਲਾਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਲਗਾਤਾਰ ਤੀਜੀ ਵਾਰ ਹੈ, ਜਦੋਂ ਕਰਨਾਟਕ ਨੇ ਆਖ਼ਰੀ ਚਾਰ ਵਿੱਚ ਥਾਂ ਪੱਕੀ ਕੀਤੀ ਹੈ। ਕੋਚ ਅਰੁਨ ਲਾਲ ਦੀ ਨਿਗਰਾਨੀ ਹੇਠ ਬੰਗਾਲ ਨੇ ਮੌਜੂਦਾ ਸੈਸ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਅਗਲੇ ਕੁੱਝ ਦਿਨਾਂ ਤੱਕ ਘਰੇਲੂ ਹਾਲਤਾਂ ਦਾ ਲਾਭ ਉਠਾਉਣਾ ਚਾਹੇਗੀ। ਟੀਮ ਨੇ ਰਾਜਸਥਾਨ ਅਤੇ ਪੰਜਾਬ ਖ਼ਿਲਾਫ਼ ਲਗਾਤਾਰ ਦੋ ਮੈਚ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਆਖ਼ਰੀ ਅੱਠ ਮੁਕਾਬਲਿਆਂ ਵਿੱਚ ਬੰਗਾਲ ਨੇ ਉੜੀਸਾ ਖ਼ਿਲਾਫ਼ ਪਹਿਲੀ ਪਾਰੀ ਵਿੱਚ ਲੀਡ ਦੇ ਆਧਾਰ ’ਤੇ ਸੈਮੀਫਾਈਨਲ ਦੀ ਟਿਕਟ ਕਟਾਈ। ਸਾਬਕਾ ਕਪਤਾਨ ਮਨੋਜ ਤਿਵਾੜੀ ਤੋਂ ਇਲਾਵਾ ਅਨੁਸਤੁਮ ਮਜੂਮਦਾਰ, ਵਿਕਟਕੀਪਰ ਸ੍ਰੀਵਤਸ ਗੋਸਵਾਮੀ ਅਤੇ ਨਵਾਂ ਹਰਫ਼ਨਮੌਲਾ ਖਿਡਾਰੀ ਸ਼ਾਹਬਾਜ਼ ਅਹਿਮਦ ਸ਼ਾਨਦਾਰ ਲੈਅ ਵਿੱਚ ਹਨ। ਕਰਨਾਟਕ ਦੀ ਟੀਮ ਰਾਹੁਲ ਅਤੇ ਪਾਂਡੇ ਦੇ ਆਉਣ ਨਾਲ ਮਜ਼ਬੂਤ ਹੋਈ ਹੈ। ਕਪਤਾਨ ਕਰੁਣ ਨਾਇਰ ਤੋਂ ਇਲਾਵਾ 19 ਸਾਲ ਦਾ ਦੇਵਦੱਤ ਪੱਡੀਕਲ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪੱਡੀਕਲ ਮੌਜੂਦਾ ਸੈਸ਼ਨ ਵਿੱਚ 1000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ ਹੈ। ਟੀਮ ਨੇ ਕੁਆਰਟਰ ਫਾਈਨਲ ਵਿੱਚ ਜੰਮੂ-ਕਸ਼ਮੀਰ ਨੂੰ ਸ਼ਿਕਸਤ ਦਿੱਤੀ ਸੀ।

Previous articleਸੜਕ ਹਾਦਸੇ ’ਚ ਚਾਰ ਬਰਾਤੀ ਹਲਾਕ
Next articleਲੰਕਾ ਢਾਹੁਣ ਲਈ ਉਤਰੇਗਾ ਭਾਰਤ