ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧਿਆ

ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਰੋਜ਼ਾਨਾ ਪਾਣੀ ਦਾ ਪੱਧਰ ਵਧ ਰਿਹਾ ਹੈ। ਇਹ ਪੱਧਰ 521.56 ਮੀਟਰ ਤੱਕ ਪੁੱਜ ਗਿਆ ਹੈ, ਜੋ ਕਿ ਫਰਵਰੀ ਮਹੀਨੇ ਵਿੱਚ ਇੱਕ ਰਿਕਾਰਡ ਹੈ। ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਸਾਢੇ ਪੱਚੀ ਮੀਟਰ ਵੱਧ ਹੈ। ਜਾਣਕਾਰੀ ਅਨੁਸਾਰ ਡੈਮ ਦੀ ਝੀਲ ਉਪਰ ਬਣੇ ਪਹਾੜਾਂ ਵਿੱਚ ਚਮੇਰਾ ਡੈਮ ਵਲੋਂ 8184 ਕਿਊਸਿਕ ਪਾਣੀ ਅੱਜ ਦਾਖਲ ਹੋਇਆ ਸੀ ਅਤੇ ਡੈਮ ਦਾ ਇੱਕ ਯੂਨਿਟ ਚਲਾ ਕੇ 150 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ। ਝੀਲ ਵਿੱਚ ਪਾਣੀ ਦਾ ਪੱਧਰ 521.56 ਮੀਟਰ ਦਰਜ ਕੀਤਾ ਗਿਆ, ਜਦ ਕਿ ਡੈਮ ਤੋਂ ਬਿਜਲੀ ਉਤਪਾਦਨ ਕਰਨ ਬਾਅਦ 4650 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਦੀ ਤਰਫ ਛੱਡਿਆ ਗਿਆ। ਮਾਧੋਪੁਰ ਹੈਡਵਰਕਸ ਤੋਂ 1450 ਕਿਊਸਿਕ ਪਾਣੀ ਐਮ.ਬੀ ਲਿੰਕ ਨਹਿਰ ਵਿੱਚ, 3000 ਕਿਊਸਿਕ ਪਾਣੀ ਯੂ.ਬੀ.ਡੀ.ਸੀ ਨਹਿਰਾਂ ਵਿੱਚ ਅਤੇ 200 ਕਿਊਸਿਕ ਪਾਣੀ ਕਸ਼ਮੀਰ ਕੈਨਾਲ ਵਿੱਚ ਭੇਜਿਆ ਜਾ ਰਿਹਾ ਹੈ। ਪਿਛਲੇ ਸਾਲ ਫਰਵਰੀ ਮਹੀਨੇ ਝੀਲ ਵਿੱਚ ਪਾਣੀ ਦਾ ਪੱਧਰ 495.92 ਮੀਟਰ ਸੀ, ਜੋ ਇਸ ਵਾਰ ਫਰਵਰੀ ਮਹੀਨੇ ਵਿੱਚ 521 ਮੀਟਰ ਹੈ। ਜੋ ਪਿਛਲੇ ਸਾਲ ਨਾਲੋਂ 25.64 ਮੀਟਰ ਵੱਧ ਹੈ। ਸਾਲ 2004 ਵਿੱਚ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਫਰਵਰੀ ਮਹੀਨੇ ਵਿੱਚ ਮੌਜੂਦਾ ਪਾਣੀ ਦਾ ਪੱਧਰ ਸਭ ਤੋਂ ਜ਼ਿਆਦਾ ਹੈ। ਫਰਵਰੀ ਮਹੀਨੇ ਵਿੱਚ ਪਾਣੀ ਦਾ ਇਸ ਪੱਧਰ ’ਤੇ ਪੁੱਜ ਜਾਣਾ ਬਿਜਲੀ ਉਤਪਾਦਨ ਲਈ ਸ਼ੁੱਭ ਸੰਕੇਤ ਹੈ ਪਰ ਮੌਨਸੂਨ ਸੀਜ਼ਨ ਤੋਂ 4 ਮਹੀਨੇ ਪਹਿਲਾਂ ਪਾਣੀ ਦਾ ਇੰਨਾ ਵਧਣਾ ਚਿੰਤਾ ਦਾ ਵਿਸ਼ਾ ਵੀ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਪਹਾੜਾਂ ਉਪਰ ਪਈ ਬਰਫ ਤੇਜ਼ੀ ਨਾਲ ਪਿਘਲੇਗੀ। ਉਸ ਨਾਲ ਵੀ ਝੀਲ ਵਿੱਚ ਪਾਣੀ ਦੀ ਆਮਦ ਵਧੇਗੀ। ਜੇ ਪਾਣੀ ਦੀ ਆਮਦ ਝੀਲ ਵਿੱਚ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਡੈਮ ਦੇ ਫਲੱਡ ਗੇਟ (ਸਪਿਲਵੇਅ) ਖੋਲ੍ਹਣੇ ਪੈ ਸਕਦੇ ਹਨ। ਡੈਮ ਦੇ ਨਿਗਰਾਨ ਇੰਜੀਨੀਅਰ ਸੁਧੀਰ ਗੁਪਤਾ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਪਾਣੀ ਦਾ ਪੱਧਰ ਝੀਲ ਵਿੱਚ ਵਧਿਆ ਹੈ। ਇਸ ਨਾਲ ਬਿਜਲੀ ਉਤਪਾਦਨ ਵਧੇਗਾ। ਭਲਕੇ ਤੋਂ ਹੀ ਇੱਕ ਯੂਨਿਟ ਹੋਰ ਚਲਾ ਕੇ 150 ਮੈਗਾਵਾਟ ਬਿਜਲੀ ਹੋਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੈਮ ਪ੍ਰਬੰਧਨ ਦੀ ਕੋਸ਼ਿਸ਼ ਹੈ ਕਿ ਝੀਲ ਵਿਚ ਪਾਣੀ ਦੀ ਆਮਦ ਅਨੁਸਾਰ ਹੀ ਬਿਜਲੀ ਪੈਦਾ ਕੀਤੀ ਜਾਵੇ ਤੇ ਡੈਮ ਤੋਂ ਹੇਠਾਂ ਮਾਧੋਪੁਰ ਦੀ ਤਰਫ ਪਾਣੀ ਛੱਡਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਧਿਕਾਰੀ ਪਾਣੀ ਦੇ ਪੱਧਰ ’ਤੇ ਨਜ਼ਰ ਰੱਖ ਰਹੇ ਹਨ।

Previous articleਸ਼ਹੀਦ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਚੰਡੀਗੜ੍ਹ ਪੁੱਜੀ
Next articleਗੇਲ ਦੇ ਸੈਂਕੜੇ ਨੂੰ ਰਾਸ਼ਿਦ ਦੀ ਫਿਰਕੀ ਨੇ ਗੇੜੇ ਦਿੱਤੇ