ਯੋਗਰਾਜ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ

ਐੱਸਏਐੱਸ ਨਗਰ (ਮੁਹਾਲੀ) : ਆਖਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੱਕਾ ਨਵਾਂ ਚੇਅਰਮੈਨ ਮਿਲ ਗਿਆ ਹੈ। ਸੂਬਾ ਸਰਕਾਰ ਨੇ ਉੱਘੇ ਸਿੱਖਿਆ ਸ਼ਾਸਤਰੀ ਡਾ. ਯੋਗਰਾਜ (59) ਨੂੰ ਸਕੂਲ ਬੋਰਡ ਦਾ ਚੇਅਰਮੈਨ ਲਗਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਅੱਜ ਤਾਜ਼ਾ ਹੁਕਮ ਅਤੇ ਜਲਦੀ ਹੀ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਸੰਭਾਵਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਡਾਕਟਰ ਯੋਗਰਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਨੇੜੇ ਹਨ ਤੇ ਉਨ੍ਹਾਂ ਨੂੰ ਬੋਰਡ ਦੀ ਚੇਅਰਮੈਨੀ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਦੇ ਕੋਟੇ ’ਚੋਂ ਮਿਲੀ ਹੈ। ਉਨ੍ਹਾਂ ਨੇ ਦਸਵੀਂ ਵੀ ਇਸੇ ਬੋਰਡ ਤੋਂ ਕੀਤੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ ਕੀਤੀ। ਇੱਥੋਂ ਹੀ ਐਮਏ ਪੰਜਾਬੀ/ਹਿੰਦੀ ਕੀਤੀ।

ਉੱਚ ਸਿੱਖਿਆ ਹਾਸਲ ਕਰਨ ਉਪਰੰਤ ਉਹ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਅੰਬਾਲਾ ਕੈਂਟ ਵਿੱਚ 08-09-1987 ਤੋਂ 31-03-1988 ਤੱਕ ਲੈਕਚਰਾਰ ਰਹੇ। 25-07-1989 ਤੋਂ 11-05-1994 (4 ਸਾਲ 10 ਮਹੀਨੇ) ਤੱਕ ਵਾਈਪੀਐਸ ਪਟਿਆਲਾ ਵਿੱਚ ਅਧਿਆਪਕ ਰਹੇ।

ਕਰੀਬ 30 ਸਾਲ ਦਾ ਤਜਰਬਾ ਰੱਖਣ ਵਾਲੇ ਡਾਕਟਰ ਯੋਗਰਾਜ ਸਾਢੇ 18 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਜੁਲਾਈ ਦੇ ਪਹਿਲੇ ਹਫ਼ਤੇ ਚੇਅਰਮੈਨ ਦੀ ਨਿਯੁਕਤੀ ਲਈ ਪੰਜ ਉਮੀਦਵਾਰ ਸ਼ਾਟ ਲਿਸਟ ਕੀਤੇ ਸਨ, ਜਿਨ੍ਹਾਂ ਵਿੱਚ ਡਾ. ਯੋਗਰਾਜ ਦਾ ਨਾਮ ਸਭ ਤੋਂ ਉੱਤੇ ਸੀ।

ਪਿਛਲੇ ਸਾਲ ਤੋਂ ਬੋਰਡ ਦਾ ਕੰਮ ਰੱਬ ਆਸਰੇ ਚੱਲ ਰਿਹਾ ਸੀ। ਬੀਤੀ 25 ਨਵੰਬਰ 2019 ਨੂੰ ਬੋਰਡ ਦੇ ਤਤਕਾਲੀ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਉਮਰ 66 ਸਾਲ ਦੀ ਹੋਣ ਕਾਰਨ ਉਹ ਇਕ ਦਿਨ ਪਹਿਲਾਂ 24 ਨਵੰਬਰ ਨੂੰ ਛੁੱਟੀ ’ਤੇ ਚਲੇ ਗਏ ਸੀ। ਇਸ ਮਗਰੋਂ ਸਰਕਾਰ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੋਰਡ ਦਾ ਦਫ਼ਤਰੀ ਕੰਮ ਚਲਾਉਣ ਲਈ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਸੀ।

ਪ੍ਰੰਤੂ ਉਨ੍ਹਾਂ ਕੋਲ ਪਹਿਲਾਂ ਹੀ ਸਿੱਖਿਆ ਵਿਭਾਗ ਦਾ ਵਾਧੂ ਕੰਮ ਹੋਣ ਕਰਕੇ ਬੋਰਡ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੀ ਬੀਤੀ 13 ਜਨਵਰੀ ਨੂੰ ਸੇਵਾਮੁਕਤ ਹੋ ਚੁੱਕੇ ਹਨ। ਇੰਝ ਹੀ ਸਕੱਤਰ ਦੀ ਆਸਾਮੀ ਦਾ ਵਾਧੂ ਚਾਰਜ ਡੀਜੀਐਸਈ ਮੁਹੰਮਦ ਤਈਅਬ ਨੂੰ ਦਿੱਤਾ ਹੋਇਆ ਹੈ।

Previous articleਕੋਈ ਕੋਈ
Next articleਅੱਜ ਬਾਅਦ ਦੁਪਹਿਰ ਅੰਬਾਲਾ ਉਤਰਨਗੇ ਰਾਫੇਲ