ਯੇਦੀਯੁਰੱਪਾ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣੇ

ਰਾਜਪਾਲ ਨੇ ਹਲਫ਼ ਦੁਆਿੲਆ; 29 ਜੁਲਾਈ ਨੂੰ ਭਰੋਸੇ ਦਾ ਵੋਟ ਹਾਸਲ ਕਰਨਗੇ

ਕਰਨਾਟਕ ਭਾਜਪਾ ਦੇ ਪ੍ਰਧਾਨ ਬੀ ਐੱਸ ਯੇਦੀਯੁਰੱਪਾ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸ਼ੁੱਕਰਵਾਰ ਨੂੰ ਚੌਥੀ ਵਾਰ ਸਹੁੰ ਚੁੱਕ ਲਈ ਹੈ। ਰਾਜ ਭਵਨ ਵਿੱਚ ਹੋਏ ਸਮਾਗਮ ਦੌਰਾਨ ਰਾਜਪਾਲ ਵਜੂਭਾਈ ਵਾਲਾ ਨੇ ਉਨ੍ਹਾਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। 76 ਸਾਲਾ ਸ੍ਰੀ ਯੇਦੀਯੁਰੱਪਾ ਨੇ ਇਕੱਲੇ ਨੇ ਹੀ ਸਹੁੰ ਚੁੱਕੀ ਹੈ। ਉਹ 29 ਜੁਲਾਈ ਨੂੰ ਭਰੋਸੇ ਦਾ ਵੋਟ ਹਾਸਲ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਅਤੇ ਜਨਤਾ ਦਲ (ਐੱਸ) ਦੀ ਗੱਠਜੋੜ ਸਰਕਾਰ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਵੱਲੋਂ ਲਿਆਂਦਾ ਵਿਸ਼ਵਾਸ ਮੱਤ 99-105 ਵੋਟਾਂ ਦੇ ਨਾਲ ਹਾਰ ਗਈ ਸੀ। ਇਸ ਹਾਰ ਪਿੱਛੇ ਮੁੱਖ ਕਾਰਨ ਕਾਂਗਰਸ ਦੇ ਵਿਧਾਇਕਾਂ ਦੀ ਬਗਾਵਤ ਸੀ। ਰਾਜਪਾਲ ਨੇ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੱਕ ਸ੍ਰੀ ਕੁਮਾਰਸਵਾਮੀ ਨੂੰ ਕੰਮ ਚਲਾਊ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਹਦਾਇਤ ਦੇ ਦਿੱਤੀ ਸੀ। ਸ਼ੁੱਕਰਵਾਰ ਨੂੰ ਅਚਾਨਕ ਹੀ ਵਾਪਰੇ ਸਾਰੇ ਘਟਨਾਕ੍ਰਮ ਦੌਰਾਨ ਸ੍ਰੀ ਯੇਦੀਯੁਰੱਪਾ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਕੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਉਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਰਾਜਪਾਲ ਨੇ ਤੁਰੰਤ ਉਨ੍ਹਾਂ ਨੂੰ ਸੱਦਾ ਪੱਤਰ ਦੇ ਕੇ ਅਹੁਦੇ ਅਤੇ ਦਫਤਰ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾ ਦਿੱਤੀ। ਸਹੁੰ ਚੁੱਕਣ ਤੋਂ ਪਹਿਲਾਂ ਯੇਦੀਯੁਰੱਪਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਉਨ੍ਹਾਂ ਨੇ 29 ਜੁਲਾਈ ਨੂੰ ਵਿਸ਼ਵਾਸ ਮੱਤ ਹਾਸਲ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਯੇਦੀਯੁਰੱਪਾ ਨੇ ਅੱਜ ਚੌਥੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਈ 2018 ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਹ ਸਿਰਫ ਤਿੰਨ ਦਿਨ ਹੀ ਮੁੱਖ ਮੰਤਰੀ ਰਹੇ ਸਨ ਅਤੇ ਆਪਣਾ ਬਹੁਮੱਤ ਸਾਬਤ ਨਹੀਂ ਕਰ ਸਕੇ ਸਨ।

Previous articleਖ਼ੁਦਕੁਸ਼ੀ ਮਾਮਲਾ: ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਗਰਜੇ ਕਿਸਾਨ
Next articleਹਜੂਮੀ ਹਿੰਸਾ: ਹਦਾਇਤਾਂ ਲਾਗੂ ਨਾ ਕਰਨ ’ਤੇ ਕੇਂਦਰ ਅਤੇ ਸੂਬਿਆਂ ਨੂੰ ਨੋਟਿਸ