ਯੂ.ਕੇ ਦੇ ਸ਼ਹਿਰ ਚ ਡਰਬੀ ਦੇ ਸਿੰਘ ਸਭਾ ਗੁਰੂ ਘਰ ਵਿਖੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਦੋ ਨੁਕੜ ਨਾਟਕਾਂ ਦਾ ਸਫਲ ਮੰਚਨ ਕੀਤਾ ਗਿਆ 

ਲੰਡਨ – (ਰਾਜਵੀਰ ਸਮਰਾ)  ਬੀਤੇ ਦਿਨ ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਦੇ ਬੰਦਾ ਸਿੰਘ ਬਹਾਦਰ ਹਾਲ ਚ ਅਗੰਮ ਤੇ ਗੁਲਸ਼ਨ ਰੇਡੀਓ ਦੀ ਸਾਂਝੀ ਟੀਮ ਨੇ ਦੋ ਨੁੱਕਰ ਨਾਟਕਾਂ ਦਾ ਬਹੁਤ ਹੀ ਸਫਲ ਮੰਚਨ ਕੀਤਾ ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸ਼ਵ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਇਸ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਰਬੀਸ਼ਾਇਰ ਤੇ ਲੈਸਟਰਸ਼ਾਇਰ ਤੋਂ ਸੰਗਤ ਨੇ ਹੁੰਮ ਹੁਮਾ ਕੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲਿਆ ।

ਬਾਅਦ ਦੁਪਹਿਰ ਡੇਢ ਕੁ ਵਜੇ ਗੁਰੂ ਘਰ ਦੇ ਜਨਰਲ ਸਕੱਤਰ ਸ ਰਾਜਿੰਦਰ ਸਿੰਘ ਵੱਲੋਂ ਸਭਨਾ ਦਾ ਸਵਾਗਤ ਕਰਨ ਉਪਰੰਤ ਸ਼ੁਰੂ ਹੋਏ ਸਮਾਗਮ ਦੇ ਪਹਿਲੇ ਬੁਲਾਰੇ ਡਾਕਟਰ ਸਾਧੂ ਸਿੰਘ ਸਨ ਜਿਹਨਾ ਨੇ ਆਪਣੀ ਸੰਖੇਪ ਤਕਰੀਰ ਚ ਹਾਲ ਚ ਨਾਟਕ ਦੇਖਣ ਵਾਸਤੇ ਹਾਜ਼ਰ ਛੋਟੇ ਛੋਟੇ ਬੱਚਿਆ ਦੇ ਨਾਲ ਨਾਲ ਬੀਬੀਆਂ ਭੈਣਾਂ ਦੀ ਹਾਜ਼ਰੀ ਦੀ ਭਰਪੂਰ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਅਗਲੀਆਂ ਜਨਰੇਸ਼ਨਾਂ ਤੱਕ ਆਪਣਾ ਵਿਰਸਾ ਪਹੰਚਾਉਣ ਵਾਸਤੇ ਇਹਨਾ ਬੱਚਿਆ ਦੀ ਹਾਜ਼ਰੀ ਇਸ ਤਰਾਂ ਦੇ ਸਮਾਗਮਾਂ ਚ ਅਤੀ ਜ਼ਰੂਰੀ ਹੈ ।
ਇਸ ਮੌਕੇ ਨਾਮਵਰ ਵਿਦਵਾਨ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿਸ ਨੇ ਨੁੱਕੜ ਨਾਟਕਾਂ ਦੇ ਮਹੱਤਵ ਨੂੰ ਸਮਝਦਿਆਂ ਇਹਨਾਂ ਦੀ ਪੇਸ਼ਕਾਰੀ ਦਾ ਖ਼ਾਸ ਪ੍ਰਬੰਧ ਕੀਤਾ ਹੈ । ਉਹਨਾ ਨੇ ਬਾਬੇ ਨਾਨਕ ਦੇ ਪ੍ਰਕਾਸ਼ ਉਤਸ਼ਵ ਦੇ ਮੱਦੇਨਜਰ ਹਰ ਇਕ ਨੂੰ ਆਤਮ ਮੰਥਨ ਕਰਨ ਦੀ ਅਪੀਲ ਕੀਤੀ ਤਾਂ ਕਿ ਪਤਾ ਲੱਗ ਸਕੇ ਕਿ 550 ਸਾਲਾਂ ਦੇ ਲੰਮੇ ਅਰਸੇ ਚ ਅਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ‘ਤੇ ਕਿੰਨੇ ਕੁ ਖਰੇ ਉਤਰਦੇ ਹਾਂ ।

ਵੁਲਵਰਹੈਮਪਟਨ ਦੇ ਗੁਲਸ਼ਨ ਰੇਡੀਓ ਦੇ ਡਾਇਰੈਕਟਰ ਗੁਲਸ਼ਨ ਢੀੰਗਰਾ ਦੀ ਨਿਰਦੇਸ਼ਨਾ ਹੇਠ ਪਹਿਲਾ ਨਾਟਕ “ਜਿਨ ਸੱਚਾ ਪੱਲੇ ਹੋਏ” ਤੇ ਦੂਸਰਾ “ਇਹ ਲਹੂ ਕਿਸਦਾ ਹੈ “ ਦੋਵੇਂ ਨਾਟਕ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਮਰਪਿਤ ਸਨ । ਜਾਤ ਪਾਤ, ਉਚ ਨੀਚ ਤੇ ਅਮੀਰ ਗਰੀਬ ਦੇ ਭਿੰਨ ਭੇਦ ਤੇ ਕਰਾਰੀ ਚੋਟ ਕਰਦੇ ਸਨ । ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਦੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜੱਪਣ ਦੇ ਸਿਧਾਂਤ ਦਾ ਸੁਨੇਹਾ ਵੀ ਦੇਂਦੇ ਸਨ ਤੇ ਜ਼ੁਲਮ ਅੱਗੇ ਬੇਚਾਰੇ ਬਨਣ ਦੀ ਬਜਾਏ ਜਾਲਮ ਨਾਲ ਲੋਹਾ ਵੈਣ ਦੀ ਵਜ਼ਾਹਤ ਵੀ ਕਰਦੇ ਸਨ ।
ਪੰਜਾਬੀ ਦੇ ਨਾਮਵਰ ਵਿਦਵਾਨ ਡਾਕਟਰ ਗੁਰਦਿਆਲ  ਸਿੰਘ ਫੁੱਲ ਦੇ ਲਿਖੇ ਹੋਏ ਇਹਨਾਂ ਨਾਟਕਾਂ ਦਾ ਮੰਚਣ ਸੁਖਬੀਰ, ਗੁਲਸ਼ਨ ਢੀਂਗਰਾਂ, ਬਲਵਿੰਦਰ ਭਾਰਤੀ, ਚੰਦਰ ਮੋਹਨ ਤੇ ਸੁਖਿਵੰਦਰ ਕੌਰ ਦੀ ਰੰਗ ਮੰਚੀ ਟੀਮ ਨੇ ਏਹਨਾ ਉਚ ਪਾਏ ਦਾ ਕੀਤਾ ਕਿ ਦਰਸ਼ਕਾਂ ਨਾਲ ਖਚਾ ਖਚ ਭਰਿਆ ਹੋਇਆ ਪੂਰੀ ਤਰਾਂ ਕੀਲਿਆ ਗਿਆ । ਹਰ ਕਲਾਕਾਰ ਨੇ ਆਪੋ ਆਪਣੀ ਕਲਾ ਦੇ ਜੌਹਰ ਦਿਖਾਏ ਤੇ ਖ਼ੂਬ ਵਾਹ ਵਾਹ ਖੱਟੀ ਜਿਸ ਕਾਰਨ ਪੂਰਾ ਹਾਲ ਵਾਰ ਵਾਰ ਤਾੜੀਆਂ ਨਾਲ ਗੂੰਜਦਾ ਰਿਹਾ ਤੇ ਜੈਕਾਰੇ ਵੀ ਲੱਗਦੇ ਰਹੇ । ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਬੇਸ਼ੱਕ ਸਭਨਾ ਕਲਾਕਾਰਾਂ ਦੀ ਪੇਸ਼ਕਾਰੀ ਲਾ ਮਿਸਾਲ ਸੀ ਪਰ ਸੁਖਬੀਰ ਬਾਠ ਦਾ ਨੰਬਰ ਇਸ ਪੱਖੋਂ ਬਹੁਤ ਉੱਪਰ ਰਿਹਾ ।
ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਛੋਟੇ ਬੱਚਿਆਂ ਨੇ ਵੀ ਦੋਵੇਂ ਨਾਟਕ ਬਹੁਤ ਦਿਲਚਸਪੀ ਨਾਲ ਦੇਖੇ । ਸਮਾਪਤੀ ਵੇਲੇ ਗੁਲਸ਼ਨ ਢੀਂਗਰਾਂ ਨੇ ਜਿੱਥੇ ਰੰਗਕਰਮੀਆਂ ਨਾਲ ਜਾਣ ਪਹਿਚਾਣ ਕਰਵਾਈ  ਉੱਥੇ ਦਰਸ਼ਕਾਂ ਦੀ ਭਰਵਾਂ ਹਾਜ਼ਰੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ।

ਨੁਕੜ ਨਾਟਕਾਂ ਦੀ ਸਮਾਪਤੀ ਉਪਰੰਤ ਸ਼ੁਖਵੀਰ, ਸੁਖਵਿੰਦਰ ਤੇ ਬਲਵਿੰਦਰ ਭਾਰਤੀ ਸਮੇਤ ਸਭਨਾ ਕਲਾਕਾਰਾਂ ਤੇ ਮਹਿਮਾਨਾਂ ਨੂੰ ਇੰਟਰਨੈਸ਼ਨਲ ਸਿੱਖ ਆਰਟ ਗੈਲਰੀ ਦਾ ਚੱਕਰ ਲੁਆਇਆ ਗਿਆ ਤੇ ਇਸ ਦੇ ਨਾਲ ਹੀ ਸਿੱਖ ਹੈਰੀਟੇਜ  ਤੇ ਹੌਲੋਕਾਸਟ ਮਿਊਜ਼ੀਅਮ ਦੇ ਦਰਸ਼ਨ ਵੀ ਕਰਵਾਏ ਗਏ ਜਿਸ ਨੇ ਦੇਖ ਸਭ ਬਹੁਤ ਪ੍ਰਭਾਵਤ ਹੋਏ ।

ਕੁਲ ਮਿਲਾਕੇ ਕੱਲ੍ਹ ਡਰਬੀ ਵਿਖੇ ਖੇਡੇ ਗਏ ਦੋਵੇਂ ਨੁਕੜ ਨਾਟਕ ਯਾਦਗਾਰੀ ਪ੍ਰਭਾਵ ਛੱਡ ਗਏ । ਇਹ ਤਕਨੀਕ ਸਾਡੇ ਭਾਈਚਾਰੇ ਚ ਵੱਧ ਤੋਂ ਵੱਧ ਅਪਣਾਏ ਜਾਣ ਦੀ ਇਸ ਵੇਲੇ ਸਖ਼ਤ ਲੋੜ ਹੈ । ਗੁਰੂ ਸਿੰਘ ਸਭਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਇਸ ਬਹੁਤ ਹੀ ਨਿੱਗਰ ਤੇ ਸਫਲ ਰਹੇ ਕਾਰਜ ਵਾਸਤੇ ਵਧਾਈ ਦੀ ਪਾਤਰ ਹੈ । ਝਲਕੀਆਂ ਵਜੋਂ ਕੁੱਝ ਕੁ ਤਸਵੀਰਾਂ ਪੇਸ਼ ਹਨ :

Previous articleDeath sentence of Beant Singh’s killer not commuted: Shah
Next articleਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ