ਯੂ ਕੇ ਦੇ ਮਸ਼ਹੂਰ ਸ਼ਹਿਰ ਡਰਬੀ ਚ ਸੰਸਾਰ ਪੱਧਰ ਦੀ ਪਹਿਲੀ ਆਧੁਨਿਕ ਸਿੱਖ ਆਰਟ ਗੈਲਰੀ ਦੀ ਉਸਾਰੀ ਦਾ ਕਾਰਜ ਜ਼ੋਰਾਂ ‘ਤੇ 

ਲੰਡਨ – (ਰਾਜਵੀਰ ਸਮਰਾ) ਬੀਤੇ ਦਿਨੀਂ ਯੂ.ਕੇ ਦੇ ਪ੍ਸਿੱਧ ਸ਼ਹਿਰ ਡਰਬੀ ਵਿਖੇ ਉਸਾਰੀ ਜਾ ਰਹੀ ਵਿਸ਼ਵ ਦੀ ਆਪਣੀ ਨਿਵੇਕਲੀ ਕਿਸਮ ਦੀ ਪਹਿਲੀ ਨੈਸ਼ਨਲ ਸਿੱਖ ਆਰਟ ਗੈਲਰੀ ਦਾ ਦੌਰਾ ਕਰਨ ਵਾਸਤੇ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਡਮੀ ਦੀ ਤਿੰਨ ਮੈਂਬਰੀ ਟੀਮ ਸ: ਸਰੂਪ ਸਿੰਘ ਚਿੱਤਰਕਾਰ (MBE), ਪ੍ਰੋ ਸ਼ਿੰਗਾਰਾ ਸਿੰਘ ਢਿਲੋਂ ਤੇ ਸ: ਜਗਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਆਰਟ ਗੈਲਰੀ ਦੇ ਜੰਗੀ ਪੱਧਰ ‘ਤੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੀ ।
ਅਕਾਡਮੀ ਦੀ ਟੀਮ ਦਾ ਆਰਟ ਗੈਲਰੀ ਦੇ ਪਰਬੰਧਕਾਂ ਵੱਲੋਂ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਯੂ ਕੇ ਦਾ ਪੰਜਾਬੀ ਮੀਡੀਆ ਵੀ ਹਾਜ਼ਰ ਸੀ ਜਿਸ ਨੇ ਆਰਟ ਗੈਲਰੀ ਦੀ ਲਾਈਵ ਕਵਰੇਜ ਕੀਤੀ ।
ਆਰਟ ਗੈਲਰੀ ਦੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਪਰਬੰਧਕਾਂ ਦਾ ਉਤਸ਼ਾਹ ਦੇਖ ਕੇ ਟੀਮ ਨੂੰ ਬਹੁਤ ਖੁਸ਼ੀ ਹੋਈ । ਅਕਾਡਮੀ ਦੀ ਟੀਮ ਨੂੰ ਇਹ ਸੁਣਕੇ ਹੋਰ ਵੀ ਖ਼ੁਸ਼ੀ ਹੋਈ ਕਿ ਆਰਟ ਗੈਲਰੀ ਦੇ ਚੱਲ ਰਹੇ ਇਸ  ਨਿਸ਼ਕਾਮ ਕਾਰਜ ਵਿੱਚ ਇੱਥੋਂ ਦੇ ਜਮ-ਪਲ ਤੇ ਉਚ ਵਿੱਦਿਆ ਪ੍ਰਾਪਤ ਤੇ ਉਚ ਅਹੁਦਿਆਂ ‘ਤੇ ਨਿਯੁਕਤ ਨੌਜਵਾਨ ਤਬਕਾ ਵੀ ਆਪਣਾ ਕੀਮਤੀ ਸਮਾਂ ਕੱਢਕੇ ਸੇਵਾਵਾਂ ਨਿਭਾ ਕੇ ਹੱਥ ਸਫਲਾ ਕਰ ਰਿਹਾ ਹੈ ।

ਇਸ ਸਮੇਂ ਕੁਝ ਨੌਜਵਾਨਾਂ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਉਹਨਾਂ ਚ ਕਈ ਫੁੱਲ ਟਾਈਮ ਸੋਲਿਸਟਰ, ਬਾਰਿਸਟਰ, ਡਾਕਟਰ ਤੇ ਅਧਿਆਪਕ ਲੱਗੇ ਹੋਏ  ਹਨ  ਜੋ ਵੀਕਿੰਡ ਤੇ ਆਰਟ ਗੈਲਰੀ ਦੀ ਉਸਾਰੀ ਚ ਆਪੋ ਆਪਣੀਆ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਹਨ ।

ਇਸ ਆਰਟ ਗੈਲਰੀ ਦੀ ਉਸਾਰੀ ਦਾ ਕੰਮ ਸ ਰਾਜਿੰਦਰ ਸਿੰਘ ਪੁਰੇਵਾਲ (ਚੇਅਰਮੈਨ ਪੰਜਾਬ ਟਾਈਮਜ), ਭਾਈ ਰਘਬੀਰ ਸਿੰਘ (ਪ੍ਰਧਾਨ ਗੁਰੂ ਸਿੰਘ ਸਭਾ ਗੁਰਦੁਆਰਾ, ਡਰਬੀ), ਸ ਗੁਰਪਾਲ ਸਿੰਘ (ਮੈਨੇਜਰ ਨੈਸ਼ਨਲ ਸਿੱਖ ਮਿਊਜ਼ੀਅਮ, ਡਰਬੀ) ਤੇ ਸ ਦਲਜੀਤ ਸਿੰਘ ਦਾਹੀਆ (ਜਨਰਲ ਸਕੱਤਰ, ਸਿੱਖ ਮਿਊਜ਼ੀਅਮ, ਡਰਬੀ), ਜਾਕਟਰ ਦਲਜੀਤ ਸਿੰਘ ਵਿਰਕ (ਨਾਮਵਰ ਵਿਗਿਆਨੀ) ਤੇ ਸ ਹਰਜਿੰਦਰ ਸਿੰਘ ਮੰਡੇਰ ( ਸੰਪਾਦਕ, ਪੰਜਾਬ ਟਾਈਮਜ  ਯੂ  ਕੇ ) ਦੀ ਨਿਗਰਾਨੀ ਹੇਠ ਇਸ  ਵੇਲੇ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ।
ਇੱਥੇ ਜਿਕਰਯੋਗ ਹੈ ਇਸ ਆਰਟ ਗੈਲਰੀ ਵਾਸਤੇ ਸ ਸਰੂਪ ਸਿੰਘ ਚਿੱਤਰਕਾਰ ਨੇ ਆਪਣੇ ਸਮੁੱਚੇ ਜੀਵਨ ਵਿੱਚ ਬਹੁਤ ਸਖ਼ਤ ਮਿਹਨਤ ਨਾਲ ਕੈਨਵਸ ‘ਤੇ ਤਿਆਰ ਕੀਤੇ ਸਮੂਹ ਤੇਲ ਚਿੱਤਰ (Oil Paintings) ਇਸ ਆਰਟ ਗੈਲਰੀ ਨੂੰ ਭੇਂਟ ਕੀਤੇ ਹਨ ਜਿਹਨਾ ਦੀ ਕੁਲ ਕੀਮਤ ਡੇਢ ਮਿਲੀਅਨ ਪੌਂਡ ਤੋਂ ਉੱਤੇ ਬਣਦੀ ਹੈ ।

ਇਹ ਵੀ ਜਿਕਰਯੋਗ ਹੈ ਕਿ ਸ ਸਰੂਪ ਸਿੰਘ ਚਿੱਤਰਕਾਰ ਤੇ ਨਾਮਵਰ ਵਿਦਵਾਨ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਇਸ ਆਰਟ ਗੈਲਰੀ ਦੇ ਜੀਵਨ ਮੈਂਬਰ (Life time Trusty) ਹਨ ।

ਇਹ ਆਰਟ ਗੈਲਰੀ ਆਹਲਾ ਤਕਨੀਕ ਨਾਲ ਪੂਰੀ ਤਰਾਂ ਲੈਸ ਹੋਵੇਗੀ । ਇਸ ਵਿੱਚ ਲੇਜਰ ਟੈਕਨੋਲੋਜੀ, ਪਰੋਜੈਕਟਰਜ, ਪੰਜਾਬੀ ਸੱਭਿਆਚਾਰ  ਦੇ ਵੱਖ ਵੱਖ ਸ਼ੋਭਿਆ ਨਾਲ ਸੰਬੰਧਿਤ ਆਦਮ ਕੱਦ ਚਿੱਤਰ, ਸੈਮੀਨਾਰ ਹਾਲ, ਕਾਨਫਰੰਸ ਹਾਲ, ਇਤਿਹਾਸ ਨਾਲ ਸੰਬੰਧਿਤ ਯਾਦਗਾਰੀ ਵਸਤਾਂ ਤੇ ਹੋਰ ਬਹੁਤ ਕੁਝ ਸ਼ਾਮਿਲ ਹੋਵੇਗਾ ਜੋ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ ।

ਨੈਸ਼ਨਲ ਸਿੱਖ ਆਰਟ ਗੈਲਰੀ ਬਾਬੇ ਨਾਨਕ ਦੇ 550ਵੇਂ ਪਰਕਾਸ਼ ਉਤਸ਼ਵ ਦੇ ਸ਼ੁਭ ਮੌਕੇ ‘ਤੇ ਕਿਸੇ ਮਹਾਨ ਹਸਤੀ ਦੇ ਕਰ ਕਮਲਾਂ ਨਾਲ grand opening ਕਰਕੇ ਜਨਤਾ ਵਾਸਤੇ ਖੋਹਲ ਦਿੱਤੀ ਜਾਵੇਗੀ ।
ਅਕਾਡਮੀ ਦੀ ਟੀਮ ਨਾਲ ਆਰਟ  ਗੈਲਰੀ ਦੀ ਪਰਬੰਧਕੀ ਟੀਮ ਨੇ ਆਰਟ  ਗੈਲਰੀ  ਦੇ  ਮੇਨ ਹਾਲ ਵਿੱਚ ਇਸ ਸਮੇਂ ਇਕ ਯਾਦਗਾਰੀ ਤਸਵੀਰ ਵੀ ਖਿੱਚੀ ।

ਕੁਲ ਮਿੱਲਾ ਕੇ ਅਕਾਡਮੀ ਦੀ ਟੀਮ ਦਾ ਇਹ ਦੌਰਾ ਯਾਦਗਾਰੀ ਹੋ ਨਿਬੜਿਆ ਤੇ ਟੀਮ ਨੇ ਆਰਟ ਗੈਲਰੀ ਦੇ ਪਰਬੰਧਕਾ ਨੂੰ ਇਸ ਮਹਾਨ ਕਾਰਜ ਵਾਸਤੇ ਹਰ ਤਰਾਂ ਦਾ ਸਹਿਯੋਗ ਕਰਨ ਦਾ ਬਚਨ ਦੇ ਕੇ ਵਿਦਾ ਲਈ ।
Previous articleCat is out of the bag: Puri on Amarinder-Sidhu row
Next articleਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਨਤਮਸਤਕ ਹੋਏ ਲੇਬਰ ਲੀਡਰ ਜੈਰਮੀ ਕੌਰਬਿਨ