ਯੂਰੋਪ ਅਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ’ਤੇ ਪਾਬੰਦੀ

ਦੇਸ਼ ਭਰ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 114 ਹੋਈ
ਭਲਕ ਤੋਂ 31 ਮਾਰਚ ਤੱਕ ਲਾਗੂ ਰਹੇਗੀ ਪਾਬੰਦੀ

ਨਵੀਂ ਦਿੱਲੀ- ਕਰੋਨਾਵਾਇਰਸ ਨੇ ਪੂਰਬੀ ਸੂਬੇ ਉੜੀਸਾ ’ਚ ਵੀ ਪੈਰ ਪਸਾਰ ਲਏ ਹਨ। ਇਟਲੀ ਤੋਂ ਆਏ ਵਿਅਕਤੀ ਦੇ ਕਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਲੱਦਾਖ (4), ਜੰਮੂ ਕਸ਼ਮੀਰ (3) ਅਤੇ ਕੇਰਲਾ (23) ’ਚ ਇਕ-ਇਕ ਹੋਰ ਪੀੜਤ ਮਿਲਣ ਨਾਲ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 114 ਹੋ ਗਈ ਹੈ। ਮੰਤਰਾਲੇ ਨੇ ਮਹਾਰਾਸ਼ਟਰ ਦੇ ਚਾਰ ਮਰੀਜ਼ਾਂ ਨੂੰ ਇਸ ਗਿਣਤੀ ’ਚ ਸ਼ਾਮਲ ਨਹੀਂ ਕੀਤਾ ਹੈ। ਉਂਜ ਉਨ੍ਹਾਂ ’ਚ ਕਰੋਨਾਵਾਇਰਸ ਦੇ ਲੱਛਣ ਹਨ। ਕਰੋਨਾਵਾਇਰਸ ਦੇ ਪੀੜਤ 114 ਵਿਅਕਤੀਆਂ ’ਚੋਂ 17 ਵਿਦੇਸ਼ੀ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਯੂਰੋਪ ਅਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ’ਤੇ 18 ਤੋਂ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ 135 ਮੁਲਕਾਂ ਦੇ 1,53,517 ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹਨ ਅਤੇ 5700 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਧਰ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਯੂਰਪੀ ਯੂਨੀਅਨ ਦੇ ਮੁਲਕਾਂ, ਤੁਰਕੀ ਅਤੇ ਬ੍ਰਿਟੇਨ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ਉਤੇ 18 ਤੋਂ 31 ਮਾਰਚ ਤਕ ਪਾਬੰਦੀ ਲਗਾ ਦਿੱਤੀ ਹੈ। ਮੰਤਰੀਆਂ ਦੇ ਸਮੂਹ ਦੀ ਉੱਚ ਪੱਧਰੀ ਬੈਠਕ ਮਗਰੋਂ ਫ਼ੈਸਲਾ ਲਿਆ ਗਿਆ ਕਿ ਸਾਰੀਆਂ ਯਾਦਗਾਰਾਂ ਅਤੇ ਕੇਂਦਰੀ ਅਜਾਇਬਘਰਾਂ ਨੂੰ 31 ਮਾਰਚ ਤਕ ਬੰਦ ਰੱਖਿਆ ਜਾਵੇਗਾ। ਮੰਤਰੀਆਂ ਨੇ ਸੁਝਾਅ ਦਿੱਤਾ ਕਿ ਸਾਰੇ ਵਿਦਿਅਕ ਸੰਸਥਾਨ, ਜਿਮ, ਅਜਾਇਬਘਰ, ਸਭਿਆਚਾਰਕ ਅਤੇ ਸਮਾਜਿਕ ਕੇਂਦਰ, ਸਵਿਮਿੰਗ ਪੂਲ ਅਤੇ ਥੀਏਟਰ ਬੰਦ ਕੀਤੇ ਜਾਣ। ਵਿਦਿਆਰਥੀਆਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦੇਣ ਦੇ ਨਾਲ ਨਾਲ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਉਤੇ ਜ਼ੋਰ ਦਿੱਤਾ ਗਿਆ ਹੈ।
ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਸੂਬਿਆਂ ਵੱਲੋਂ ਉਠਾਏ ਗਏ ਇਹਤਿਆਤੀ ਕਦਮਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਰਸ ਦਾ ਟਾਕਰਾ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਸਿਹਤ ਵਰਕਰਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਲਮੇਲ ਬਣਾ ਕੇ ਮਹਾਮਾਰੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਅਜਿਹੇ ਸੰਕਟ ਭਰੇ ਹਾਲਾਤ ਦੇ ਟਾਕਰੇ ’ਚ ਮੁਲਕ ਦਾ ਜਬਰਦਸਤ ਜੋਸ਼ ਨਜ਼ਰ ਆ ਰਿਹਾ ਹੈ। ਉਨ੍ਹਾਂ ‘ਇੰਡੀਆ ਫਾਈਟਸ ਕਰੋਨਾ’ ਹੈਸ਼ਟੈਗ ਨਾਲ ਕਈ ਟਵੀਟ ਕਰਕੇ ਕਿਹਾ ਕਿ ਮੋਹਰੀ ਹੋ ਕੇ ਇਸ ਬਿਮਾਰੀ ਨਾਲ ਲੜ ਰਹੇ ਵਿਲੱਖਣ ਵਿਅਕਤੀਆਂ ਨੂੰ ਲੋਕਾਂ ਦੇ ਜਜ਼ਬੇ ਨਾਲ ਭਾਰੀ ਉਤਸ਼ਾਹ ਮਿਲ ਰਿਹਾ ਹੈ। ਭੁਬਨੇਸ਼ਵਰ ’ਚ ਅਧਿਕਾਰੀ ਨੇ ਕਿਹਾ ਕਿ ਇਟਲੀ ਤੋਂ ਪਰਤੇ ਖੋਜੀ (33) ਨੂੰ ਕਰੋਨਾਵਾਇਰਸ ਹੋਇਆ ਹੈ। ਉਹ ਇਟਲੀ ਤੋਂ 6 ਮਾਰਚ ਨੂੰ ਦਿੱਲੀ ਪਹੁੰਚਿਆ ਸੀ ਅਤੇ 12 ਮਾਰਚ ਨੂੰ ਰੇਲਗੱਡੀ ਫੜ ਕੇ ਭੁਬਨੇਸ਼ਵਰ ਆ ਗਿਆ ਸੀ। ਹੁਣ ਉਸ ਦਾ ਉੜੀਸਾ ਦੀ ਰਾਜਧਾਨੀ ਦੇ ਕੈਪੀਟਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਜਿਥੇ ਉਸ ਦੀ ਹਾਲਤ ਸਥਿਰ ਹੈ। ਇਹ ਵਿਅਕਤੀ 13 ਮਾਰਚ ਨੂੰ ਬੁਖਾਰ ਅਤੇ ਸਿਰ ਦਰਦ ਹੋਣ ਮਗਰੋਂ ਡਾਕਟਰ ਨੂੰ ਮਿਲਿਆ ਸੀ। ਉਸ ਨੂੰ ਅਗਲੇ ਦਿਨ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਸੀ। ਸਰਕਾਰ ਦੇ ਮੁੱਖ ਤਰਜਮਾਨ ਸੁਬ੍ਰਤੋ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਰੇਲ ਰਾਹੀਂ ਭੁਬਨੇਸ਼ਵਰ ਪਹੁੰਚਿਆ ਸੀ। ਇਸ ਕਾਰਨ ਉਹ ਜਿਨ੍ਹਾਂ ਵਿਅਕਤੀਆਂ ਦੇ ਸੰਪਰਕ ’ਚ ਆਇਆ ਸੀ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਕਈ ਸੂਬਿਆਂ ’ਚ ਜਿਮ, ਸਿਨੇਮਾਹਾਲ, ਸਵਿਮਿੰਗ ਪੂਲ ਅਤੇ ਹੋਰ ਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ’ਚ ਪਾਬੰਦੀਆਂ ਦਾ ਘੇਰਾ ਹੋਰ ਵਧਾਉਂਦਿਆਂ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਸਿਆਸੀ ਇਕੱਠਾਂ ’ਚ 50 ਤੋਂ ਵਧ ਵਿਅਕਤੀਆਂ ਦੇ ਜਮ੍ਹਾਂ ਹੋਣ ਉਤੇ 31 ਮਾਰਚ ਤਕ ਰੋਕ ਲਗਾ ਦਿੱਤੀ ਹੈ। ਉਧਰ ਬਿਹਾਰ ਸਰਕਾਰ ਨੇ ਸੂਬੇ ’ਚ ਕਰੋਨਾਵਾਇਰਸ ਤੋਂ ਪੀੜਤ ਹੋਣ ਵਾਲੇ ਵਿਅਕਤੀਆਂ ਦਾ ਇਲਾਜ ਮੁਫ਼ਤ ਕਰਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ’ਚ ਕਿਹਾ ਕਿ ਸੂਬੇ ਦਾ ਕੋਈ ਵਿਅਕਤੀ ਜੇਕਰ ਕਰੋਨਾਵਾਇਰਸ ਕਰਕੇ ਦਮ ਤੋੜਦਾ ਹੈ ਤਾਂ ਉਸ ਦੇ ਵਾਰਿਸਾਂ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

Previous articleCongress suspends five rebel MLAs in Gujarat
Next articleਨਿਵੇਸ਼ਕਾਂ ਦੇ 7.62 ਲੱਖ ਕਰੋੜ ਮਿੱਟੀ