ਯੂਕੇ ’ਚ ਅੰਬੇਡਕਰ ਨੂੰ ਸਮਰਪਿਤ ਯਾਦਗਾਰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੰਬਰ 2015 ’ਚ ਯੂਕੇ ਦੌਰੇ ਮੌਕੇ ਉਦਘਾਟਨ ਕੀਤੀ ਗਈ ਭੀਮਰਾਓ ਅੰਬੇਡਕਰ ਯਾਦਗਾਰ ਨੂੰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਭਾਰਤ ਸਰਕਾਰ ਨੇ ਅਪੀਲ ਦਾਖ਼ਲ ਕੀਤੀ ਹੈ। ਅੰਬੇਡਕਰ ਹਾਊਸ ਉੱਤਰੀ ਲੰਡਨ ਦੇ 10 ਕਿੰਗ ਹੈਨਰੀ ਰੋਡ ’ਤੇ ਸਥਿਤ ਹੈ ਜਿਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਅੰਬੇਡਕਰ ਆਪਣੇ ਵਿਦਿਆਰਥੀ ਜੀਵਨ ਦੌਰਾਨ 1921-22 ’ਚ ਠਹਿਰੇ ਸਨ। ਇਸ ਘਰ ਦੀਆਂ ਚਾਰ ਮੰਜ਼ਿਲਾਂ ਹਨ। ਭਾਰਤੀ ਅਧਿਕਾਰੀਆਂ ਵੱਲੋਂ ਰਿਹਾਇਸ਼ੀ ਸੰਪਤੀ ਨੂੰ ਅਜਾਇਬਘਰ/ਯਾਦਗਾਰ ’ਚ ਬਦਲਣ ਲਈ ਦਿੱਤੀ ਅਰਜ਼ੀ ਨੂੰ ਕੈਮਡੇਨ ਕੌਂਸਿਲ ਨੇ ਖਾਰਜ ਕਰ ਦਿੱਤਾ ਸੀ। ਕੌਂਸਿਲ ਦਾ ਮੰਨਣਾ ਹੈ ਕਿ ਇਸ ਨਾਲ ਰਿਹਾਇਸ਼ੀ ਇਲਾਕੇ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਸਥਾਨਕ ਲੋਕ ਵੀ ਯਾਦਗਾਰ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਤੋਂ ਖਫ਼ਾ ਹਨ। ਉਨ੍ਹਾਂ ਇਤਰਾਜ਼ ਜਤਾਇਆ ਕਿ ਇਸ ਨਾਲ ਇਲਾਕੇ ਦੀ ਸ਼ਾਂਤੀ ਭੰਗ ਹੋ ਗਈ ਹੈ। ਲੰਡਨ ’ਚ ਭਾਰਤੀ ਹਾਈ ਕਮਿਸ਼ਨ ਨੇ ਸਿੰਘਾਨੀਆ ਐਂਡ ਕੰਪਨੀ ਦੇ ਸੌਲੀਸਿਟਰਾਂ ਰਾਹੀਂ ਫ਼ੈਸਲੇ ਖ਼ਿਲਾਫ਼ ਨਿਰਪੱਖ ਯੋਜਨਾ ਜਾਂਚ ਕਮੇਟੀ ਮੂਹਰੇ ਅਪੀਲ ਦਾਖ਼ਲ ਕੀਤੀ ਹੈ। ਅਪੀਲ ’ਤੇ 24 ਸਤੰਬਰ ਨੂੰ ਸੁਣਵਾਈ ਹੋਵੇਗੀ। ਵਕੀਲ ਰਵਿੰਦਰ ਕੁਮਾਰ ਨੇ ਕਿਹਾ ਕਿ ਅਪੀਲ ਦਾਖ਼ਲ ਕਰਨ ਦੇ ਮਜ਼ਬੂਤ ਆਧਾਰ ਹਨ। ਉਨ੍ਹਾਂ ਦਲੀਲ ਦਿੱਤੀ ਕਿ ਯੂਕੇ ਅਤੇ ਬਾਹਰ ਦੇ ਭਾਰਤੀਆਂ ਲਈ ਇਹ ਹਾਊਸ ਵਿਸ਼ੇਸ਼ ਅਹਿਮੀਅਤ ਰਖਦਾ ਹੈ। ਇਸ ਮਕਾਨ ਨੂੰ ਮਹਾਰਾਸ਼ਟਰ ਸਰਕਾਰ ਨੇ 31 ਲੱਖ ਪੌਂਡ ’ਚ ਖ਼ਰੀਦ ਕੇ ਉਸ ਨੂੰ ਯਾਦਗਾਰ ’ਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਸੀ।

Previous articleਯੋਗੀ ਕੈਬਨਿਟ ਦਾ ਵਿਸਥਾਰ, 23 ਨਵੇਂ ਮੰਤਰੀਆਂ ਨੇ ਲਿਆ ਹਲਫ਼
Next articleਪਾਕਿ ’ਚ ਦਰਿਆਈ ਪਾਣੀਆਂ ਨੂੰ ਜਾਣ ਤੋਂ ਰੋਕਣ ਲਈ ਕਦਮ ਉਠਾਉਣ ਦਾ ਅਮਲ ਸ਼ੁਰੂ: ਸ਼ੇਖਾਵਤ