ਯਾਦ – ਇੱਕ ਵਾਰ ਫਿਰ

ਪਰਮਿੰਦਰ ਸਿੰਘ ਭੁੱਲਰ

(ਸਮਾਜ ਵੀਕਲੀ)

ਅਸੀਂ ਫੱਟੀਆਂ ‘ਤੇ ਪੂਰਨੇ ਪਵਾਉਣ ਲਈ ਸਾਡੇ ਸਤਿਕਾਰਯੋਗ ਅਧਿਆਪਕ ਸ੍ਰੀ ਪ੍ਰੇਮ ਚੰਦ ਮਿੱਤਲ ਜੀ ਦੇ ਦੁਆਲੇ ਸਵੇਰੇ ਹੀ ਇਕੱਠੇ ਹੋ ਜਾਂਦੇ ਸਾਂ। ਸਾਰੇ ਪਿੰਡ ਦੇ ਸਭ ਜਵਾਕ ਉਦੋਂ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਦੇ ਹੁੰਦੇ। ਜਦੋਂ ਤੱਕ ਪਹਿਲੀ ਕੱਚੀ ਤੋਂ ਪਹਿਲੀ ਪੱਕੀ ਨਾ ਬਣਦੀ ਸੌ-ਸੌ, ਡੇਢ-ਡੇਢ ਸੌ  ਜਵਾਕ ਹੁੰਦਾ ਜਮਾਤ ਵਿੱਚ।   ਜਿਹੜੇ ਤੇਜ਼ ਜਵਾਕ ਹੁੰਦੇ ਉਹ ਅਗਾਂਹ ਵਧਦੇ ਬਾਕੀ ਕੱਚੀ ਵਿੱਚ ਹੀ ਹੋਰ ਪੱਕਦੇ ਰਹਿੰਦੇ। ਕਾਲੀ ਸਿਆਹੀ ਨਾਲ ਲਿੱਬੜੇ ਯੂਰੀਏ ਦੇ ਥੈਲੇ ਤੋਂ ਬਣੇ ਸਾਡੇ ਝੋਲੇ ਵਿੱਚ ਜਦੋਂ ਬਾਲ-ਬੋਧ ਦੀ ਥਾਂ ਕਿਤਾਬ ਆ ਗਈ ਤਾਂ ਅਸੀਂ ਆਪਣੀ ਬੜੀ ਤਰੱਕੀ ਸਮਝੀ ਤੇ ਉੱਚੀ ਉੱਚੀ ਬੋਲ ਕੇ ਪਾਠ ਪੜ੍ਹਦੇ।

ਸਭ ਦੀ ਵਾਰੀ ਆਉਂਦੀ। ਇੱਕ ਮੂਹਰੇ ਖੜ੍ਹਕੇ ਬੋਲਦਾ ਬਾਕੀ ਆਪਣੀ ਕਿਤਾਬ ਤੇ ਉਂਗਲੀ ਘਸਾਉੰਦੇ ਗੈਲ-ਗੈਲ ਬੋਲਦੇ। ਕਈ ਪੜ੍ਹਨ ਚ ਤਾਂ ਹੁਸ਼ਿਆਰ ਹੁੰਦੇ ਪਰ ਹੁੰਦੇ ਸਿਰੇ ਦੇ ਅੱਲਵੇ। ਇਹਨਾਂ ਨੂੰ ਮਾਸਟਰ ਜੀ ਸਭ ਤੇ ਨਿਗ੍ਹਾ ਰੱਖਣ ਲਗਾ ਦਿੰਦੇ ਵੀ ਦੇਖੋ ਕੋਈ ਚੁੱਪ ਕਰਕੇ ਨਾ ਬੈਠਾ ਰਹੇ। ਕਿਤਾਬ ਪੜ੍ਹਕੇ ਗਿਣਤੀ ਦੀ ਵਾਰੀ ਆਉਂਦੀ ਜਿਸਨੂੰ ਅਸੀਂ ਗਿਣਤੀ ਕਦੇ ਨਹੀਂ ਕਿਹਾ ਸੀ ਏਕਾ ਦੂਆ ਈ ਆਖਦੇ ਸਾਂ। ਚਾਰ-ਚਾਰ, ਪੰਜ-ਪੰਜ ਜਣੇ ਇੱਕ ਦੂਏ ਦੇ ਹੱਥਾਂ ਦੀਆਂ ਉਂਗਲਾਂ ਵਿੱਚ ਉਂਗਲਾਂ ਫਸਾ ਕੇ ਕਿੱਲ੍ਹ-ਕਿੱਲ੍ਹ ਅੱਗੇ ਬੋਲਦੇ ਤੇ ਅੱਗੇ ਬੈਠੇ ਵੀ ਐਨੀ ਉੱਚੀ ਬੋਲਦੇ ਕਿ ਹੋਰ ਕੁੱਝ ਸੁਣਦਾ ਈ ਨਹੀਂ ਸੀ। ਇਸ ਵੇਲੇ ਮਾਸਟਰ ਜੀ ਇੱਕ ਪਾਸੇ ਨੇੜੇ ਹੀ ਕੱਚੀ ਵਾਲਿਆਂ ਨੂੰ ਹੋਰ ਪੱਕਾ ਕਰਦੇ ਰਹਿੰਦੇ।

ਦੂਜੀ ਵਿੱਚ ਹੁੰਦਿਆਂ ਹੀ ਪਹਿਲੀ ਵਾਲਿਆਂ ਨੂੰ ਊੜਾ ਆੜਾ ਵੀ ਸਿਖਾਉਣ ਦਾ ਕੰਮ ਕਰਦੇ। ਕਦੇ ਕਦੇ ਪੰਜਵੀਂ ਵਾਲੇ ਸਾਡੇ ਤੋਂ ਪਾਠ ਸੁਣਕੇ ਜਾਂਦੇ। ਪੰਜਾਹ ਸੱਠ ਦੀ ਜਮਾਤ ਵਿੱਚੋਂ ਪੰਦਰਾਂ ਵੀਹ ਪੂਰੇ ਤਿੱਖੇ ਨਿੱਕਲ ਆਉਂਦੇ ਤੀਜੀ ਤੱਕ। ਉਹ ਗਰੁੱਪ ਲੀਡਰ ਬਣਦੇ। ਆਪਣੀ ਟੋਲੀ ਤੋਂ ਫੱਟੀ ਲਿਖਵਾਉੰਦੇ। ਗਿਣਤੀ, ਪਹਾੜੇ, ਸਬਕ ਸੁਣਦੇ, ਜੋੜ, ਘਟਾਓ, ਗੁਣਾ ਤੇ ਕੋਈ ਕੋਈ ਵੰਡ ਵੀ ਸਿੱਖ ਜਾਂਦਾ ਤੇ ਸਿਖਾ ਰਿਹਾ ਹੁੰਦਾ। ਕਾਪੀਆਂ ਹਿੱਕ ਨਾਲ ਲਾਈ ਮਾਸਟਰ ਜੀ ਮੂਹਰੇ ਲਾਈਨ ਚ ਖੜ੍ਹੇ ਹੁੰਦੇ। ਉਹ ਕਾਪੀ ਚੈੱਕ ਕਰਦੇ ਹੱਲਾਸ਼ੇਰੀ ਦਿੰਦੇ ਰਹਿੰਦੇ। ਗਰੁੱਪ ਲੀਡਰ ਨੂੰ ਵੱਧ ਘਰ ਦਾ ਕੰਮ ਮਿਲਦਾ। ਸੋਹਣੀ ਫੱਟੀ ਲਿਖਣਵਾਲੇ ਨੂੰ ‘ਸ਼ਾਬਾਸ਼’ ਉੱਚੀ ਦੇਣੇ ਬੋਲ ਕੇ ਆਖਦੇ। ਅਸੀਂ ਘਰ ਜਾ ਕੇ ਚਾਹ ਪਾਣੀ ਤੋਂ ਬਾਅਦ ਸਕੂਲੋਂ ਮਿਲਿਆ ਲਿਖਣ ਦਾ ਕੰਮ ਪਹਿਲਾਂ ਤੋਂ ਵੀ ਸੋਹਣਾ ਸੋਹਣਾ ਲਿਖਣਾ।

ਫਿਰ ਝੋਲਾ ਸਾਂਭ ਕੇ ਬਾਹਰ ਬੀਹੀ ਵੱਲ ਸ਼ੂਟ ਵੱਟ ਦੇਣੀ ਤੇ ਮੂੰਹ ਹਨੇਰੇ ਤੱਕ ਖੇਡਦੇ ਫਿਰਨਾ। ਕਈ ਵਾਰ ਤਾਂ ਘਰੋਂ ਕੋਈ ਬੁਲਾਉਣ ਆਉਂਦਾ ਕਿ ਹੁਣ ਬਹੁਤ ਖੇਡ ਲਏ ਘਰ ਚੱਲੋ। ਬੀਬੀ ਨੇ ਨਾਲੇ ਸਾਡੇ ਹੱਥ ਪੈਰ ਧੋੰਈ ਜਾਣਾ ਨਾਲੇ ਧਮਕੀਆਂ ਦੇਈ ਜਾਣੀਆਂ ਵੀ ਤੂੰ ਕੱਲ੍ਹ ਨੂੰ ਨਿੱਕਲੀਂ ਘਰੋਂ ਤੈਨੂੰ ਮੈਂ ਭੰਨੂੰ, ਮੁੜਕੇ ਘਰ ਦਾ ਮੂੰਹ ਨੀ ਦੇਖਦਾ ਜਦੋਂ ਤੋਂ ਨਿੱਕਲ ਜਾਂਦੈ। ਰੋਟੀ ਟੁੱਕ ਖਾ ਕੇ ਬਾਪੂ ਦੇ ਕਦੇ ਮੋਢਿਆਂ ਤੇ ਚੜ੍ਹ ਜਾਣਾ ਕਦੇ ਲੰਮੇ ਪਏ ਦੇ ਢਿੱਡ ਤੇ ਬੈਠ ਜਾਣਾ ਤੇ ਬਾਤ ਸੁਣਨ ਨੂੰ ਹਾੜੇ ਕੱਢੀ ਜਾਣੇ। ਬਾਪੂ ਨੇ ਕਹਿਣਾ ਵੀ ਹੁੰਗਾਰਾ ਭਰਿਓ ਫੇਰ। ਅਸੀਂ ਹਾਂ ਹੀ ਕਰਨੀ ਹੁੰਦੀ ਤੇ ਬੀਬੀ ਜਗਾ ਰਹੀ ਹੁੰਦੀ ਵੀ ਉੱਠ ਨਹੀਂ ਸਕੂਲ ਲੱਗਜੂ ਫਿਰ ਕੁੱਟ ਪਊ ਜੇ ਨਾ ਵਖਤ ਸਿਰ ਪਹੁੰਚਿਆ। ਹੈੰਡਪੰਪ ਕੋਲ ਈ ਨਮ੍ਹਾ ਕੇ ਸਿਰ ਚ ਸਰ੍ਹੋਂ ਦਾ ਤੇਲ ਥੱਪ ਕੇ ਬੀਬੀ ਤਿਆਰ ਕਰ ਦਿੰਦੀ।

ਅਸੀਂ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹੁੰਚ ਜਾਣਾ ਤੇ ਜਦੋਂ ਨੂੰ ਮਾਸਟਰ ਜੀ ਨੇ ਸਾਇਕਲ ਦਫਤਰ ਮੂਹਰਲੇ ਵਰਾਂਡੇ ਵਿੱਚ ਖੜ੍ਹਾਉਣਾ ਪੰਜਵੀਂ ਵਾਲੇ ਲਾਈਨਾਂ ਸਿੱਧੀਆਂ ਕਰਵਾ ਰਹੇ ਹੁੰਦੇ। ਸਾਵਧਾਨ ਤੇ ਵਿਸ਼ਰਾਮ ਦੇ ਅਰਥ ਜਾਣੇ ਬਗੈਰ ਹੀ ਅਸੀਂ ਚੱਪਲਾਂ ਪਾਈਂ ਪੈਰ ਪਟਕਾ ਪਟਕਾ ਧਰਤੀ ਤੇ ਮਾਰਦੇ ਤੇ ਮਾਸਟਰ ਜੀ ਦੇ ਚਾਹ ਦਾ ਗਿਲਾਸ ਚੁੱਕੀ ਜਮਾਤ ਵੱਲ ਆਉਣ ਤੋਂ ਪਹਿਲਾਂ ਫੱਟੀਆਂ ਲਿਖ ਚੁੱਕੇ ਹੁੰਦੇ। ਕਈ ਨਿੱਕਿਆਂ ਦੀਆਂ ਫੱਟੀਆਂ ਤੇ ਪੂਰਨੇ ਪਾ ਰਹੇ ਹੁੰਦੇ। ਸਾਰੇ ਮੁੰਡੇ ਪੈਰੀਂ ਹੱਥ ਲਗਾਉਂਦੇ। ਕੁੜੀਆਂ ਸਾਸਰੀ ਕਾਲ ਜੀ ਬੁਲਾਉੰਦੀਆਂ। ਪੰਜਵੀਂ ਬੋਰਡ ਦੇ ਪੇਪਰ ਸਾਡੇ ਲਈ  ਹਊਆ ਜਿਹਾ ਸੀ। ਸਾਰਾ ਸਾਰਾ ਦਿਨ ਯਾਦ ਕਰ ਕਰ ਲਿਖਦੇ। ਹਰ ਰੋਜ ਟੈਸਟ ਹੁੰਦੇ। ਸਕੂਲ ਖੁੱਲ੍ਹਣ, ਅੱਧੀ ਛੁੱਟੀ ਹੋਣ ਤੇ ਬੰਦ ਹੋਣ, ਪੂਰੀ ਛੁੱਟੀ ਦੀਆਂ ਹੀ ਘੰਟੀਆਂ ਵਜਦੀਆਂ। ਬਾਕੀ ਕੀ, ਕਦੋਂ, ਕਿਸਨੂੰ, ਕਿਵੇਂ, ਕਿੰਨਾ  ਪੜ੍ਹਾਉਣਾ ਹੈ ਸਭ ਮਾਸਟਰ ਜੀ ਜਾਣਦੇ ਸਨ। ਅਸੀਂ ਮਿਡਲ ਸਕੂਲ ਛੇਵੀਂ ਵਿੱਚ ਦਾਖ਼ਲਾ ਲੈ ਲਿਆ। ਸਾਡੇ ਮਾਸਟਰ ਜੀ ਇੱਕ ਵਾਰ ਫਿਰ ਕੱਚੀ ਵਾਲਿਆਂ ਵਿੱਚੋਂ ਪੱਕੀ ਵਾਲੇ ਚੁਣਨ ਵਿੱਚ ਰੁੱਝ ਗਏ।

ਪਰਮਿੰਦਰ ਸਿੰਘ ਭੁੱਲਰ
9463067430

Previous articleਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ
Next articleਮਾਤਾ ਕੇਵਲ ਕੌਰ ਭੋਗਪੁਰ ਨੂੰ ਸ਼ਰਧਾਂਜਲੀਆਂ ਅਰਪਿਤ