ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ; ਮੰਤਰੀਆਂ ਨੇ ਅਸਤੀਫੇ ਸੌਂਪੇ

ਕਾਂਗਰਸ ਸ਼ਾਸਿਤ ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕਾਂਗਰਸ ਆਗੂ ਜਿਓਤਿਰਦਿੱਤਿਆ ਸਿੰਧੀਆ ਦੇ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਹੋਣ ਦੀਆਂ ਕਿਆਸਾਂ ਮਗਰੋਂ ਦੇਰ ਰਾਤ ਨੂੰ ਸੱਦੀ ਕੈਬਨਿਟ ਬੈਠਕ ’ਚ ਮੁੱਖ ਮੰਤਰੀ ਕਮਲ ਨਾਥ ਨੂੰ ਸਾਰੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਸੌਂਪ ਦਿੱਤੇ। ਇਕ ਸੀਨੀਅਰ ਮੰਤਰੀ ਨੇ ਕਿਹਾ, ‘ਅਸੀਂ ਮੁੱਖ ਮੰਤਰੀ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਆਪਣੇ ਅਸਤੀਫ਼ੇ ਉਨ੍ਹਾਂ ਨੂੰ ਸੌਂਪ ਦਿੱਤੇ ਹਨ।’ ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਫ਼ੀਆ ਦੀ ਸਹਾਇਤਾ ਨਾਲ ਆਪਣੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦੇਣਗੇ। ਨਾਥ ਨੇ ਕਿਹਾ ਕਿ ਉਹ ਸਾਰੀ ਉਮਰ ਲੋਕਾਂ ਨੂੰ ਸਮਰਪਿਤ ਰਹੇ ਹਨ, ਪਰ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਅਨੈਤਿਕ ਤਰੀਕਿਆਂ ਨਾਲ ਅਸਥਿਰ ਕਰਨ ਦੀਆਂ ਵਿਉਂਤਾਂ ਘੜ ਰਹੀ ਹੈ। ਇਸ ਤੋਂ ਪਹਿਲਾਂ ਪਾਰਟੀ ਨਾਲ ਸਬੰਧਤ ਕਈ ਵਿਧਾਇਕ, ਜਿਨ੍ਹਾਂ ਵਿੱਚ ਕੁਝ ਮੰਤਰੀ ਵੀ ਸ਼ਾਮਲ ਹਨ, ਅੱਜ ਬੰਗਲੂਰੂ ਪੁੱਜ ਗਏ। ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਵਿੱਚ ਜਾਰੀ ਖਾਨਾਜੰਗੀ ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਦੋਸ਼ਾਂ ਦੀਆਂ ਰਿਪੋਰਟਾਂ ਦਰਮਿਆਨ ਇਹ ਵਿਧਾਇਕ ਬੰਗਲੂਰੂ ਆਏ ਹਨ। ਸੂਤਰਾਂ ਨੇ ਕਿਹਾ ਕਿ ਸਾਰੇ ਵਿਧਾਇਕ ਅੱਜ ਦਿਨੇ ਚਾਰਟਰਡ ਉਡਾਣਾਂ ਰਾਹੀਂ ਇਥੇ ਪੁੱਜੇ ਹਨ ਤੇ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ ’ਤੇ ਰੱਖਿਆ ਗਿਆ ਹੈ। ਇਹ ਸਾਰਾ ਘਟਨਾਕ੍ਰਮ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਅਗਾਮੀ ਰਾਜ ਸਭਾ ਚੋਣਾਂ ਤੋਂ ਐਨ ਪਹਿਲਾਂ ਮੱਧ ਪ੍ਰਦੇਸ਼ ਨਾਲ ਸਬੰਧਤ ਸੀਨੀਅਰ ਕਾਂਗਰਸ ਆਗੂ ਜਿਓਤਿਰਦਿੱਤਿਆ ਸਿੰਧੀਆ ਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ 17 ਵਿਧਾਇਕ ਅਚਾਨਕ ‘ਪਹੁੰਚ ਤੋਂ ਬਾਹਰ’ ਹੋ ਗਏ ਹਨ। ਇਸ ਦੌਰਾਨ ਦੇਰ ਸ਼ਾਮ ਮੁੱਖ ਮੰਤਰੀ ਕਮਲ ਨਾਥ ਆਪਣੀ ਦਿੱਲੀ ਫੇਰੀ ਵਿਚਾਲੇ ਛੱਡ ਕੇ ਭੋਪਾਲ ਪਰਤ ਆਏ। ਉਨ੍ਹਾਂ ਆਪਣੀ ਸਰਕਾਰੀ ਰਿਹਾਇਸ਼ ’ਤੇ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਤੇ ਰਾਜ ਸਭਾ ਮੈਂਬਰ ਵਿਵੇਕ ਤਨਖਾਹ ਸਮੇਤ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ। ਉਧਰ ਸੂਬੇ ਵਿੱਚ ਜਾਰੀ ਸਿਆਸੀ ਡਰਾਮੇ ਦਰਮਿਆਨ ਭਾਜਪਾ ਨੇ ਮੰਗਲਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ। ਮੀਟਿੰਗ ਵਿੱਚ ਕਮਲ ਨਾਥ ਸਰਕਾਰ ਖ਼ਿਲਾਫ਼ ਬੇਵਿਸਾਹੀ ਮਤਾ ਲਿਆਉਣ ਬਾਰੇ ਰਣਨੀਤੀ ਘੜੀ ਜਾਵੇਗੀ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਜੋ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਵਿੱਚ ਸਨ, ਨੇ ਅਮਿਤ ਸ਼ਾਹ ਨਾਲ ਵੀ ਬੈਠਕ ਕੀਤੀ।

Previous articleਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ
Next articleਟਰਾਂਜ਼ਿਸਟਰ ਬੰਬ ਧਮਾਕੇ ’ਚ 30 ਬਰੀ