ਮੰਨੇਵਾਲਾ ਰੋਡ ਨੇੜੇ ਫਾਟਕ ਪੁਲ ’ਤੇ ਨਾਕਾ ਡਿਊਟੀ ਉਤੇ ਤਾਇਨਾਤ

ਅੰਮ੍ਰਿਤਸਰ (ਸਮਾਜਵੀਕਲੀ) : ਉੜੀਸਾ ’ਚ ਜਗਨਨਾਥ ਪੁਰੀ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਸਥਾਨ ਮੰਗੂ ਮੱਠ ਦਾ ਪ੍ਰਬੰਧ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਦੋਹਰੀ ਨੀਤੀ ਤਿਆਰ ਕੀਤੀ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਇਕ ਪਾਸੇ ਉੜੀਸਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਦੂਜੇ ਪਾਸੇ ਇਸ ਸਬੰਧ ਵਿੱਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਇਸ ਸਬੰਧ ਵਿੱਚ ਗਠਿਤ ਕੀਤੀ ਸਬ-ਕਮੇਟੀ ਦੀ ਇਕੱਤਰਤਾ ਅੱਜ ਵੀਡੀਓ ਕਾਨਫਰੰਸ ਰਾਹੀਂ ਹੋਈ, ਜਿਸ ਵਿਚ ਵੱਖ-ਵੱਖ ਥਾਵਾਂ ਤੋਂ ਕਮੇਟੀ ਮੈਂਬਰਾਂ ਨੇ ਆਪਣੇ ਸੁਝਾਅ ਦਿੱਤੇ ਹਨ। ਇਹ ਵੀਡਿਓ ਕਾਨਫਰੰਸ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਕੀਤੀ ਗਈ। ਇਸ ਦੌਰਾਨ ਸਬ ਕਮੇਟੀ ਦੇ ਮੈਂਬਰਾਂ ਨੇ ਸਹਿਮਤੀ ਦਿੱਤੀ ਹੈ ਕਿ ਇਤਿਹਾਸਕ ਅਸਥਾਨ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਉੜੀਸਾ ਸਰਕਾਰ ਨਾਲ ਗੱਲਬਾਤ ਜਾਰੀ ਰੱਖੀ ਜਾਵੇ ਪਰ ਇਸ ਦੇ ਨਾਲ ਹੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨ ਲਈ ਵੀ ਦਸਤਾਵੇਜ਼ ਤਿਆਰ ਕੀਤੇ ਜਾਣ। ਇਸ ਕੇਸ ਦੀ ਪੈਰਵੀ ਵਾਸਤੇ ਸੀਨੀਅਰ ਵਕੀਲ ਬ੍ਰਿਜਿੰਦਰ ਸਿੰਘ ਲੂੰਬਾ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਕਾਨਫਰੰਸ ਸਮੇਂ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਕੋਆਰਡੀਨੇਟਰ ਸਕੱਤਰ ਸਿੰਘ ਮੀਤ ਸਕੱਤਰ ਵੀ ਹਾਜ਼ਰ ਸਨ। ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਕਿ ਮੰਗੂ ਮੱਠ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਉੜੀਸਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਇਲਾਵਾ ਸੁਪਰੀਮ ਕੋਰਟ ਵਿਖੇ ਪਟੀਸ਼ਨ ਦਾਇਰ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਇਸ ਸਬੰਧੀ ਉੜੀਸਾ ਸਰਕਾਰ ਨਾਲ ਕਈ ਵਾਰ ਰਾਬਤਾ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਇਸ ਧਰਮ ਅਸਥਾਨ ਦਾ ਪ੍ਰਬੰਧ ਸਿੱਖ ਕੌਮ ਖੁਦ ਕਰੇ, ਪਰ ਅਜੇ ਤੱਕ ਮਾਮਲਾ ਕਿਸੇ ਪਾਸੇ ਨਹੀਂ ਲੱਗਾ ਹੈ। ਸ਼੍ਰੋਮਣੀ ਕਮੇਟੀ ਇਸ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਚਾਰਾਜੋਈ ਜਾਰੀ ਰੱਖੇਗੀ।

Previous articleਜਲਾਲਾਬਾਦ ’ਚ ਪੁਲੀਸ ਮੁਲਾਜ਼ਮ ਦੇ ਘਰ ’ਤੇ ਹਮਲਾ
Next articleਕਰੋਨਾਵਾਇਰਸ: ਪੀਜੀਆਈ ’ਚ ਛੇ ਸਾਲਾ ਬੱਚੇ ਦੀ ਮੌਤ