ਮੌੜ ਬੰੰਬ ਧਮਾਕਾ: ‘ਸਿਟ’ ਨੇ ਡੇਰੇ ਨੂੰ ਜਾਂਚ ਦੇ ਘੇਰੇ ’ਚ ਲਿਆਂਦਾ

ਸਿਰਸਾ- ਮੌੜ ਬੰਬ ਧਮਾਕਾ ਕਾਂਡ ਵਿਚ ਬਣੀ ਐੱਸਆਈਟੀ ਨੇ ਪਹਿਲੀ ਵਾਰ ਡੇਰਾ ਸਿਰਸਾ ਨੂੰ ਜਾਂਚ ਵਿਚ ਸ਼ਾਮਲ ਕੀਤਾ ਹੈ। ਇਸ ਸਬੰਧੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਸਮੇਤ ਤਿੰਨ ਡੇਰਾ ਪ੍ਰੇਮੀਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਨੋਟਿਸ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਐੱਸਆਈਟੀ ਦੀ ਟੀਮ ਸਿਰਸਾ ਸਦਰ ਥਾਣੇ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਮਗਰੋਂ ਡੇਰੇ ਗਈ ਤੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ। ਵਿਪਾਸਨਾ ਨੂੰ ਬੀਤੇ ਦਿਨ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਪਰ ਉਹ ਖ਼ੁਦ ਜਾਂਚ ਵਿਚ ਸ਼ਾਮਲ ਨਹੀਂ ਹੋਏ, ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪ੍ਰਤੀਨਿਧੀ ਨੇ ਪੁਲੀਸ ਕੋਲ ਹਾਜ਼ਰੀ ਲਵਾਈ।
ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ’ਚ ਪਹਿਲਾਂ ਵੀ ਜਾਂਚ ਦੀ ਸੂਈ ਡੇਰੇ ਵੱਲ ਘੁੰਮੀ ਸੀ ਪਰ ਜਾਂਚ ਅੱਗੇ ਨਹੀਂ ਤੋਰੀ ਗਈ। ਹੁਣ ਜਿੱਥੇ ਡੇਰੇ ਦੀ ਚੇਅਰਪਰਸਨ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉੱਥੇ ਹੀ ਡੇਰੇ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਵਾਸੀ ਅਲੀਕਾਂ, ਅਮਰੀਕ ਸਿੰਘ ਵਾਸੀ ਸੰਗਰੂਰ ਹਾਲ ਵਾਸੀ ਡੇਰਾ ਸਿਰਸਾ ਅਤੇ ਅਵਤਾਰ ਸਿੰਘ (ਜੋ ਪੰਜਾਬ ਪੁਲੀਸ ਨੂੰ ਇਸ ਮਾਮਲੇ ਵਿੱਚ ਲੋੜੀਂਦੇ ਹਨ), ਦੀ ਸੰਪਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿਰਸਾ ਨਗਰ ਪਰਿਸ਼ਦ ਦਾ ਰਿਕਾਰਡ ਫਰੋਲਿਆ ਜਾ ਰਿਹਾ ਹੈ।
ਸਿਰਸਾ ਦੇ ਐੱਸਪੀ ਡਾ. ਅਰੁਣ ਨਹਿਰਾ ਨੇ ਦੱਸਿਆ ਕਿ ਐੱਸਆਈਟੀ ਟੀਮ ਜਾਂਚ ਲਈ ਸਿਰਸਾ ਆਈ ਸੀ ਤੇ ਜਾਂਚ ਲਈ ਕਿਸੇ ਨੂੰ ਵੀ ਬੁਲਾਇਆ ਜਾ ਸਕਦਾ ਹੈ।

Previous articleਮਿਨੀ ਬੱਸ ਪਲਟੀ; ਅੱਧਾ ਦਰਜਨ ਸਵਾਰੀਆਂ ਜ਼ਖ਼ਮੀ
Next articleਭਾਰਤ ਤੇ ਆਸਟਰੇਲੀਆ ਵਿਚਾਲੇ ‘ਕਰੋ ਜਾਂ ਮਰੋ’ ਵਾਲਾ ਮੈਚ ਅੱਜ