ਮੌੜ ਬੰਬ ਧਮਾਕੇ ਦੇ ਮੁਲਜ਼ਮਾਂ ਬਾਰੇ ਸਬੂਤ ਲੱਭੇ: ਡੀਜੀਪੀ

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਮੌੜ ਬੰਬ ਧਮਾਕੇ ਦੀ ਜਾਂਚ ਵਿਚ ਪੰਜਾਬ ਪੁਲੀਸ ਕਾਫ਼ੀ ਅੱਗੇ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਇਸ ਕੇਸ ਨਾਲ ਸਬੰਧਤ ਭਗੌੜੇ ਦੋ-ਤਿੰਨ ਕਥਿਤ ਦੋਸ਼ੀਆਂ ਨੂੰ ਫੜਨ ਲਈ ਪਹਿਲਾਂ ਹੀ ਇੰਟੈਲੀਜੈਂਸ ਏਜੰਸੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਚੁੱਕਾ ਹੈ ਤੇ ਇਸ ਗੱਲ ਦੇ ਪੁਖ਼ਤਾ ਸਬੂਤ ਪੁਲੀਸ ਕੋਲ ਹਨ ਕਿ ਧਮਾਕੇ ਵਿਚ ਕੌਣ ਸ਼ਾਮਲ ਸੀ।
ਉਹ ਅੱਜ ਇੱਥੇ ਪੀਏਪੀ ਗਰਾਊਂਡ ਵਿਚ 1981 ਤੋਂ 2019 ਤੱਕ ਸ਼ਹੀਦ ਹੋਏ 2719 ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਹੋਏ ਸਨ। ਇਸ ਮੌਕੇ ਉਨ੍ਹਾਂ ਸ਼ਹੀਦ ਹੋਏ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਮੌੜ ਬੰਬ ਧਮਾਕਾ 31 ਜਨਵਰੀ, 2017 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਮਹਿਜ਼ ਚਾਰ ਦਿਨ ਪਹਿਲਾਂ ਹੋਇਆ ਸੀ, ਜਿਸ ਵਿਚ 7 ਵਿਅਕਤੀ ਤੇ 4 ਬੱਚੇ ਮਾਰੇ ਗਏ ਸਨ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਦੀ ਅਗਵਾਈ ਹੇਠ ਹੀ ਐੱਸਆਈਟੀ ਬਣਾਈ ਗਈ ਸੀ। ਪੁਲੀਸ ਜਾਂਚ ਵਿਚ ਇਸ ਗੱਲ ਦੀ ਤਫ਼ਤੀਸ਼ ਕੀਤੀ ਗਈ ਹੈ ਕਿ ਧਮਾਕੇ ਵਿਚ ਕੌਣ ਸ਼ਾਮਲ ਹਨ। ਮੁਲਜ਼ਮ ਫ਼ਰਾਰ ਹਨ ਤੇ ਉਨ੍ਹਾਂ ਨੂੰ ਫੜਨ ਮਗਰੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ’ਤੇ ਹੋਣ ਵਾਲੇ ਹਮਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਹੜਾ ਵੀ ਪੁਲੀਸ ਦੀ ਕਾਰਵਾਈ ਵਿਚ ਰੁਕਾਵਟ ਜਾਂ ਉਨ੍ਹਾਂ ਨਾਲ ਦੁਰਵਿਹਾਰ ਕਰੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਪੁਲੀਸ ਦੇ ਸ਼ਹੀਦਾਂ ਦੇ ਵਾਰਸਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਨਵੀਂ ਨੀਤੀ ਵਿਚਾਰ ਅਧੀਨ ਹੈ।
ਇਸ ਮੌਕੇ ਡੀਜੀਪੀ ਪ੍ਰਮੋਦ ਕੁਮਾਰ, ਵਧੀਕ ਡੀਜੀਪੀ ਕੁਲਦੀਪ ਸਿੰਘ, ਗੌਰਵ ਯਾਦਵ, ਸੰਜੀਵ ਕਾਲੜਾ, ਗੁਰਪ੍ਰੀਤ ਦਿਓ, ਵਰਿੰਦਰ ਕੁਮਾਰ, ਅਰਪਿਤ ਸ਼ੁਕਲਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਈਜੀਪੀ ਰਾਮ ਸਿੰਘ, ਅਮਰ ਸਿੰਘ ਚਾਹਲ, ਐੱਮਐੱਫ ਫਾਰੂਕੀ ਅਤੇ ਜਸਕਰਨ ਸਿੰਘ, ਡੀਆਈਜੀ ਐੱਸਕੇ ਕਾਲੀਆ, ਐੱਸਐੱਸਪੀ ਨਵਜੋਤ ਸਿੰਘ ਮਾਹਲ ਅਤੇ ਹੋਰ ਹਾਜ਼ਰ ਸਨ।

Previous articleਜਵਾਨ ਪੁੱਤ ਦੀ ਮੌਤ; ਮਾਪਿਆਂ ਵਲੋਂ ਹਸਪਤਾਲ ’ਤੇ ਗ਼ਲਤ ਅਪਰੇਸ਼ਨ ਕਰਨ ਦਾ ਦੋਸ਼
Next articleJohnson publishes his Brexit Withdrawal Bill