ਮੌਲਾਣਾ ’ਤੇ ਦੇਸ਼ਧ੍ਰੋਹ ਦਾ ਕੇਸ ਪਾਏਗੀ ਪਾਕਿ ਸਰਕਾਰ

ਪਾਕਿਸਤਾਨ ਸਰਕਾਰ ਨੇ ਜਮਾਇਤ ਉਲੇਮਾ-ਏ-ਇਸਲਾਮ-ਫ਼ਜ਼ਲ ਦੇ ਮੁਖੀ ਮੌਲਾਣਾ ਫਜ਼ਲੁਰ ਰਹਿਮਾਨ ’ਤੇ ਦੇਸ਼ਧ੍ਰੋਹ ਦਾ ਕੇਸ ਦਾਇਰ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਇਮਰਾਨ ਖ਼ਾਨ ਅਤੇ ਸਰਕਾਰੀ ਅਦਾਰਿਆਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਅਤੇ ਭੜਕਾਊ ਤਕਰੀਰਾਂ ਦੇਣ ਲਈ ਇਹ ਕਦਮ ਉਠਾਇਆ ਜਾ ਰਿਹਾ ਹੈ।
‘ਡਾਅਨ ਨਿਊਜ਼’ ਨੇ ਰੱਖਿਆ ਮੰਤਰੀ ਪਰਵੇਜ਼ ਖਟਕ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਮਰਾਨ ਖ਼ਾਨ ਨੂੰ ਨਜ਼ਰਬੰਦ ਕਰਨ ਅਤੇ ਲੋਕਾਂ ਨੂੰ ਭੜਕਾਉਣ ਲਈ ਰਹਿਮਾਨ ਖ਼ਿਲਾਫ਼ ਸਰਕਾਰ ਅਦਾਲਤ ਦਾ ਰੁਖ ਕਰੇਗੀ। ਜ਼ਿਕਰਯੋਗ ਹੈ ਕਿ ਸਰਕਾਰ ਵਿਰੋਧੀ ‘ਆਜ਼ਾਦੀ ਮਾਰਚ’ ਦੀ ਅਗਵਾਈ ਕਰ ਰਹੇ ਰਹਿਮਾਨ ਨੇ ਸ਼ੁੱਕਰਵਾਰ ਨੂੰ ਇਮਰਾਨ ਖ਼ਾਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਲੋਕ ਪ੍ਰਧਾਨ ਮੰਤਰੀ ਨੂੰ ਉਸ ਦੀ ਰਿਹਾਇਸ਼ ’ਤੇ ਨਜ਼ਰਬੰਦ ਕਰਕੇ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਸਕਦੇ ਹਨ। ਖਟਕ ਨੇ ਕਿਹਾ ਕਿ ਇਹ ਐਲਾਨ ਬਗ਼ਾਵਤ ਦੀ ਕਾਰਵਾਈ ਹੈ। ਉਨ੍ਹਾਂ ਮੁਤਾਬਕ ਸਰਕਾਰ ਆਜ਼ਾਦੀ ਮਾਰਚ ਤੋਂ ‘ਬਿਲਕੁਲ ਫਿਕਰਮੰਦ ਨਹੀਂ’ ਹੈ ਪਰ ਵਿਰੋਧੀ ਆਗੂਆਂ ਵੱਲੋਂ ਦਿੱਤੇ ਗਏ ਭਾਸ਼ਨਾਂ ਰਾਹੀਂ ਮੁਲਕ ਦੇ ਅਦਾਰਿਆਂ ਨੂੰ ਢਾਹ ਲਾਈ ਜਾ ਰਹੀ ਹੈ, ਜੋ ਮੰਦਭਾਗੀ ਗੱਲ ਹੈ। ਵਿਰੋਧੀ ਧਿਰਾਂ ਨਾਲ ਵਾਰਤਾ ਲਈ ਸਰਕਾਰ ਦੇ ਦਰ ਖੁੱਲ੍ਹੇ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਮਰਾਨ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ।

Previous articleਪ੍ਰਕਾਸ਼ ਪੁਰਬ: ਰੰਧਾਵਾ ਵੱਲੋਂ ਤਿਆਰੀਆਂ ਦਾ ਜਾਇਜ਼ਾ
Next articleਰਜਿਸਟਰਡ ਵੈਂਡਰਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਅੱਜ ਤੋਂ