ਮੌਨਸੂਨ ਨੇ ਪੰਜਾਬ ਕੀਤਾ ਜਲ-ਥਲ

ਪੰਜਾਬ ਵਿੱਚ ਮੌਨਸੂਨ ਦੇ ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਨੀਵੀਆਂ ਥਾਵਾਂ ’ਤੇ ਪਾਣੀ ਭਰਨ ਨਾਲ ਦਿੱਕਤਾਂ ਵੀ ਪੈਦਾ ਹੋਈਆਂ ਹਨ। ਦੱਖਣੀ ਪੰਜਾਬ ਦੇ ਜਿਹੜੇ ਜ਼ਿਲ੍ਹੇ (ਬਰਨਾਲਾ, ਮਾਨਸਾ ਅਤੇ ਬਠਿੰਡਾ) ਸੋਕੇ ਦੀ ਮਾਰ ਹੇਠ ਸਨ, ਉਨ੍ਹਾਂ ਵਿਚ ਵੀ ਮੌਨਸੂਨ ਦਾ ਮੀਂਹ ਵਰ੍ਹ ਰਿਹਾ ਹੈ। ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਸਣੇ ਹੋਰਨਾਂ ਫਸਲਾਂ ਲਈ ਇਹ ਮੀਂਹ ਲਾਹੇਵੰਦ ਹਨ, ਜਿਸ ਕਰਕੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਹੈ। ਮੌਨਸੂਨ ਵਧੇਰੇ ਸਰਗਰਮ ਹੋਣ ਨਾਲ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਬਿਜਲੀ ਦੀ ਮੰਗ ਪਿਛਲੇ ਦਿਨਾਂ ਨਾਲੋਂ ਘਟ ਗਈ ਹੈ। ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਜ਼ਿਆਦਾ ਗਰਮੀ ਹੋਣ ਕਾਰਨ ਬਿਜਲੀ ਦੀ ਮੰਗ 13600 ਮੈਗਾਵਾਟ ਤੱਕ ਪਹੁੰਚ ਗਈ ਸੀ ਪਰ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਘਟ ਕੇ 10500 ਮੈਗਾਵਾਟ ਤੱਕ ਆ ਗਈ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੇ ਲਗਾਤਾਰ ਵਰ੍ਹਨ ਨਾਲ ਦਰਿਆਵਾਂ ਤੇ ਬਰਸਾਤੀ ਨਾਲਿਆਂ ਵਿੱਚ ਵਗਦੇ ਪਾਣੀ ਦਾ ਪੱਧਰ ਵੀ ਵਧਣ ਲੱਗਿਆ ਹੈ। ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਖੇਤਰਾਂ ਵਿੱਚ ਤਾਂ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਜਾਰੀ ਹੈ। ਚੰਡੀਗੜ੍ਹ ਵਿੱਚ ਵੀ ਕਈ ਦਿਨਾਂ ਤੋਂ ਲਗਾਤਾਰ ਮੋਹਲੇਧਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਕਪੂਰਥਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਮੁਹਾਲੀ, ਰੋਪੜ, ਫਿਰੋਜ਼ਪੁਰ, ਫ਼ਰੀਦਕੋਟ, ਬਰਨਾਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਵਿੱਚ ਮੀਂਹ ਪਿਆ ਹੈ।

Previous articleਵਿਸ਼ਵ ਕੱਪ: ਕ੍ਰਿਕਟ ਜਗਤ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ
Next articleਅਦਾਲਤੀ ਹੁਕਮਾਂ ਦੀ ਦੇਸੀ ਭਾਸ਼ਾਵਾਂ ਵਿੱਚ ਤਰਜਮੇ ਦੀ ਲੋੜ: ਕੋਵਿੰਦ