ਮੋਹ ਤੋਂ ਸੱਖਣੇ

ਲਵਪ੍ਰੀਤ ਕੌਰ

(ਸਮਾਜ ਵੀਕਲੀ)

ਕੁੜੇ ਦੀਪੋ ਇੱਥੇ ਕੀ ਹੱਥ-ਪੱਲੇ ਮਾਰੀ ਜਾਣੀ ਆ,ਪਤਾ ਨੀ ਮੱਝਾਂ ਵਾਲੇ ਬਰਾਂਡੇ ਵਿੱਚ ਕੀ ਟੋਲਦੀ ਆ… ਅੱਗੇ ਤਾਂ ਕਿਤੇ ਜਾਂਦੀ ਨੀ ਅਖੇ ਮੈਨੂੰ ਮੁਸ਼ਕ ਆਉਂਦਾ ਡੰਗਰਾਂ ਵਿੱਚੋਂ,ਮੈਂ ਪੜ੍ਹ -ਲਿਖ ਕੇ ਮੱਝਾਂ ਦਾ ਕੰਮ ਕਰਾਂ।

-ਆ ਦੇਖ ਦੀਪੋ ਤੈਨੂੰ ਕੌਣ ਮਿਲਣ ਆਇਆ।

ਕੌਣ ਆਇਆ ਮਾਂ..(ਦੀਪੋ ਮੱਧਮ ਜੀ ਆਵਾਜ਼ ਵਿੱਚ ਬੋਲੀ)

ਤੇਰੀ ਸਹੇਲੀ ਜੀਤੀ ਆਈ ਆ।

ਕੋਈ ਨੀ ਮਾਂ ਹਜੇ ਮੇਰਾ ਮਨ ਨੀ ਕਰਦਾ ਕਿਸੇ ਨਾਲ ਗੱਲ ਕਰਨ ਨੂੰ, ਜਦੋਂ ਮੇਰਾ ਚਿੱਤ ਠੀਕ ਹੋਇਆ ਮੈਂ ਆਪ ਹੀ ਜੀਤੀ ਦੇ ਘਰ ਮਿਲ ਆਉ।(ਦੀਪੋ ਨੇ ਹਲਕਾ ਜਿਹਾ ਝਾੜੂ ਚੁੱਕਿਆਂ ਹੋਇਆਂ ਸੀ ,ਪਿੱਠ ਘੁਮਾ ਕੇ ਹੀ ਜਾਵਾਬ ਦੇ ਦਿੱਤਾ। ਜਿਵੇਂ ਉਹ ਸੱਚੀ ਮੈਨੂੰ ਮਿਲਣਾ ਨਾ ਚਾਹੁੰਦੀ ਹੋਵੇ।)

ਚੱਲੋ ਛੱਡੋ ਅੰਟੀ,ਤੁਸੀਂ ਦੱਸੋ ਸਿਹਤ ਠੀਕ ਰਹਿੰਦੀ ਆ?(ਮਨੋਂ-ਮਨੀਂ ਮੈਨੂੰ ਦੀਪੋ ਤੇ ਹਰਖ ਆਈ ਜਾਵੇ)

ਹਾਂ,ਧੀਏ ਠੀਕ ਆ ਮੈਂ……ਮੈਨੂੰ ਤਾਂ ਦਿਨ- ਰਾਤ ਦੀਪੋ ਦੀ ਫ਼ਿਕਰ ਸਤਾਈ ਜਾਂਦੀ ਆ।

ਕੀ ਹੋਇਆ ਅੰਟੀ ਦੀਪੋ ਨੂੰ???

ਕੀ ਪੁੱਛਦੀ ਆ ਧੀਏ, ਮਾੜਾ ਢੱਗਾ ਛੱਤੀ ਰੋਗ।

ਕੁੱਝ ਸਮਝੀਂ ਨੀ ਮੈਂ ਅੰਟੀ….. ਹੁਣ ਫਿਰ ਪਿਛਲੇ ਸਾਲ ਵਾਲਾ ਹਾਲ ਹੋ ਗਿਆ।

ਨੱਕ ਨਾਲ ਲਕੀਰਾਂ ਕਢਵਾ ਦਿੱਤੀਆਂ ਦੀਪੋ ਨੇ ਤਾਂ ਸਾਡੀਆਂ,ਇਹ ਤਾਂ ਕੁੱਝ ਲੈਣ ਆਈ ਸੀ ਸਾਡੇ ਘਰ ਦਾ….ਜਿਹਨਾਂ ਪੈਸਾ ਦੀਪੋ ਦੀ ਪੜ੍ਹਾਈ ਤੇ ਦਵਾਈ ਉੱਤੇ ਖ਼ਰਚ ਕੀਤਾ….ਕੋਈ ਹੋਰ ਨੀ ਕਰ ਸਕਦਾ ਸੀ।ਇਹ ਤਾਂ ਦੀਪੋ ਦਾ ਪਿਉ ਹੀ ਝੱਲੀ ਜਾਂਦਾ ਖ਼ਰਚ ਇਸਦੇ।

(ਮੈਨੂੰ ਅੰਟੀ ਦੀਆਂ ਗੱਲਾਂ ਵਿੱਚ ਦੀਪੋ ਪ੍ਰਤੀ ਸਾਫ਼-ਸਾਫ਼ ਨਫ਼ਰਤ ਝਲਕਦੀ ਦਿਖਾਈ ਦਿੱਤੀ।)

ਚੱਲੋ ਕੋਈ ਨੀ ਅੰਟੀ ਸਭ ਠੀਕ ਹੋਜੂ….. ਰੱਬ ਤੇ ਭਰੋਸਾ ਰੱਖੋ।ਹੁਣ ਹੋਇਆਂ ਕੀ ਆ ਦੀਪੋ ਨੂੰ??? ਪੁੱਤ ਪਿਛਲੇ ਦਸ ਕੁ ਦਿਨਾਂ ਤੋਂ ਪਤਾਂ ਨੀ ਕੀ ਹੋਇਆ ਦੀਪੋ ਨੂੰ….ਨਾ ਚੱਜ ਨਾਲ ਕੁੱਝ ਖਾਂਦੀ ਆ…..ਨਾ ਚੱਜ ਨਾਲ ਬੋਲਦੀ ਆ, ਕਿਸੇ ਨਾਲ ਖਿੰਝੀ ਰਹਿੰਦੀ ਆ। ਪਹਿਲਾਂ ਅਲਰਜੀ ਹੋ ਗਈ ਚਮੜੀ ਦੀ ਵਿੱਚ ਹੀ ਵੱਡੀ ਮਾਤਾ ਨਿਕਲ ਆਈ….. ਪਿਛਲੇ ਸਾਲ ਖੂਨ ਦੀਆਂ ਬੋਤਲਾਂ ਚੜ੍ਹਾਈਆਂ।ਦੱਸ ਧੀਏ ਇਹ ਕੋਈ ਉਮਰ ਆ ਬਿਮਾਰੀਆਂ ਦੀ….ਕੀ ਬੇਗਾਨੇ ਘਰ ਜਾ ਕੇ ਰੰਗ ਲਾ ਦਿਉ ਏ! ਅੰਦਰੋਂ-ਅੰਦਰੀ ਖੂਨ ਫੂਕੀ ਜਾਂਦੀ ਆ।(ਅੰਟੀ ਨੇ ਗੈਸ ਤੇ ਨਾਲ ਹੀ ਚਾਹ ਬਣਾ ਲਈ ਨਾਲ ਹੀ ਗੱਲਾਂ ਕਰੀ ਜਾਵੇ…. ਦੀਪੋ ਤੋਂ ਜ਼ਿਆਦਾ ਮੈਂ ਅੰਟੀ ਨਾਲ ਦੁੱਖ-ਸੁੱਖ ਕਰ ਆਉਂਦੀ।)

ਕੁੜੇ ਆਜਾ ਦੀਪੋ , ਕਿੱਥੇ ਮਰ ਗਈ ਹੁਣ ਤੂੰ , ਇੱਥੇ ਹੀ ਫਰੋਲਾ-ਫਰਾਲੀ ਕਰੀ ਜਾਣੀ ਆ?(ਅੰਟੀ ਨੇ ਅੱਕ ਕੇ ਫਿਰ ਹਾਕ ਮਾਰੀ) ਆਉਣੀ ਆ ਮਾਂ ਹੁਣ ਵਾਲੀ ਕਾਹਲੀ ਪਈ ਆ..….. ਦੀਪੋ ਜਿਵੇਂ ਭਰੇ ਜਿਹੇ ਮਨ ਨਾਲ ਬੋਲ ਰਹੀ ਹੋਵੇ।” ਹਾਂ ਦੱਸ ਜੀਤੀ ਤੈਨੂੰ ਕੋਈ ਕੰਮ ਆ” ,ਬੜੇ ਹੀ ਰੁੱਖੇ ਤਰੀਕੇ ਨਾਲ ਪੇਸ਼ ਆਈ ਦੀਪੋ। ਨਹੀਂ,ਬਸ ਮੈਂ ਤਾਂ ਐਵੇਂ ਹੀ ਆ ਗਈ ,ਵਿਹਲੀ ਸੀ ਸੋਚਿਆਂ ਚੱਲ ਦੀਪੋ ਵੱਲ ਜਾ ਆਉਣੀ……ਘਰ ਕਿਹੜਾ ਦਿਲ ਲੱਗਦਾ ਬੋਰ ਹੋ ਜਾਣੀ ਆ। ਚੱਲ ਚੰਗਾ ਕੀਤਾ ਜੀਤੀ ਪੁੱਤ ਤੂੰ ਇੱਧਰ ਆ ਗਈ।ਆ ਦੀਪੋ ਦੇ ਪੱਲੇ ਵੀ ਬੰਨ੍ਹ ਦੀ ਚਾਰ ਗੱਲਾਂ ਸਾਰਾ ਦਿਨ ਮੱਚੀ- ਬੁਝੀ ਰਹਿੰਦੀ ਆ। ਕੁੜੇ ਚਾਹ ਬਣ ਗਈ,ਰਾਹ ਵਾਲੀ ਬੈਠਕ ਵਿੱਚ ਬੈਠ ਕੇ ਪੀ ਲਓ ਨਾਲੇ ਦੋਨੋਂ ਸਹੇਲੀਆਂ ਗੱਲਾਂ ਕਰ ਲਓ……ਸੁੱਖ ਨਾਲ ਕਿੰਨੇ ਚਿਰ ਪਿੱਛੋਂ ਆਈ ਆ ਜੀਤੀ ਆਪਣੇ ਘਰ।( ਚੰਗਾ ਮਾਂ…….ਇਹ ਆਖ ਦੀਪੋ ਤੜਫ਼ ਕੇ ਚਾਹ ਲੈ ਕੇ ਤੁਰ ਪਈ)।

ਤੇਰਾਂ ਵੀਰ ਆਉਣ ਵਾਲਾ ਖੇਤੋਂ ਪੱਠੇ ਲੈ ਕੇ ਉਸਨੂੰ ਰੋਟੀ ਫ਼ੜਿਆ ਦੇਈਂ ਕਿਤੇ ਮੈਂ ਹੋਕਰੇ ਹੀ ਨਾ ਮਾਰੀ ਜਾਵਾਂ…….ਚੰਗਾ ਮਾਂ।ਚੱਲ ਜੀਤੀ ਆਪਾਂ ਅੰਦਰ ਚੱਲਦੇ ਆ।ਇੰਨੇ ਨੂੰ ਵੀਰਾਂ ਵੀ ਆ ਗਿਆ ਖੇਤੋਂ “ਮਾਂ ਛੇਤੀ-ਛੇਤੀ ਰੋਟੀ ਪਾ ਦੇ ਖੇਤ ਸਪਰੇਅ ਕਰਨ ਲੱਗਣਾ”, ਤਿੰਨ ਬੰਦਿਆਂ ਦੀ ਚਾਹ ਵੀ ਪਾ ਦੇਈਂ ਕੇਤਲੀ ਵਿੱਚ ਮੈਂ ਮੂੰਹ- ਹੱਥ ਧੋ ਆਵਾਂ। ਵੀਰੇ ਸਤਿ ਸ੍ਰੀ ਆਕਾਲ……ਠੀਕ ਓ ਤੁਸੀਂ???? ਹਾਂ ਜੀਤੀ ਵਧੀਆਂ ਮੈਂ, ਤੂੰ ਦੱਸ? ਕਿੱਥੇ ਰਹਿਣੀ ਆ ,ਹੁਣ ਕਦੇ ਗੇੜਾ ਹੀ ਨੀ ਮਾਰਿਆਂ ਇੱਧਰ।” ਬਸ ਵੀਰੇ ਪਹਿਲਾਂ ਕਾਲਜ ਤੋਂ ਆਉਣੀ ਆ,ਆ ਕੇ ਜਵਾਕਾਂ ਨੂੰ ਪੜ੍ਹਾਉਣੀ ਆ ।ਚੱਲ ਵਧੀਆਂ ਜੀਤੀ ਆਪਣਾ ਖ਼ਰਚ ਪਾਣੀ ਤਾਂ ਕੱਢੀ ਜਾਣੀ ਆ। ਹਾਂਜੀ ,ਵੀਰ ਜੀ ਇਹ ਤਾਂ ਹੈ। ਮਾਂ ਰੋਟੀ ਨੂੰ ਕਿੰਨਾਂ ਟਾਇਮ ਲਾ ਦਿੱਤਾ ਵੀਰੇ ਨੇ ਫਿਰ ਤੋਂ ਖਿੰਝਕੇ ਆਵਾਜ਼ ਮਾਰੀ।ਇੰਨੇ ਨੂੰ ਦੀਪੋ ਰੋਟੀ ਲੈ ਆਈ..…..ਵੀਰ ਜੀ ਰੋਟੀ। ਸਬਜ਼ੀ ਵਿੱਚ ਮੱਖਣੀ ਨੀ ਪਾਈ,ਨਾ ਦਹੀਂ ਵਿੱਚ ਕਾਲੀ ਮਿਰਚ ਪਾਈ ਆ??

ਮਾਂ ਕਿੰਨੀ ਵਾਰ ਆਖਿਆਂ ਤੈਨੂੰ, ਮੈਨੂੰ ਰੋਟੀ ਫੜਾਉਣ ਸਿਮਰ ਨੂੰ ਭੇਜਿਆ ਕਰ।ਇਹ ਸੁਣ ਦੀਪੋ ਚੁੱਪਚਾਪ ਚਲੀ ਗਈ। ਪੁੱਤ ਅੱਜ ਆਈ ਨੀ ਸਿਮਰ ਇੱਧਰ(ਅੰਟੀ ਨੇ ਹਲੀਮੀ ਵਿੱਚ ਆਖਿਆ) , ਦੀਪੋ ਕਿਹੜਾ ਦੰਦੀਆਂ ਵੱਢਦੀ ਆ ਤੇਰੇ ,ਇਹਨੂੰ ਦੱਸਦੇ ਕੀ ਲੈਣਾ?? ਕੁੱਝ ਨੀ ਮਾਂ….ਚਾਹ ਪਾ ਦੇ ਛੇਤੀ ਮੈਂ ਜਾਣਾ। ਵੀਰਾਂ ਰੋਟੀ ਅੱਧਵਿਚਾਲੇ ਛੱਡ ਕੇ ਗੁੱਸੇ ਵਿੱਚ ਉੱਠ ਤੁਰ ਗਿਆ।ਚੱਲ ਜੀਤੀ ਆਪਾਂ ਚਾਹ ਪੀ ਲਈਏ, ਠੰਢੀ ਨਾ ਹੋਜੇ। (ਦੀਪੋ ਨੇ ਮੇਰੇ ਅੱਗੇ ਆਪਣੀ ਉਦਾਸੀ ਜ਼ਾਹਿਰ ਨਾ ਕੀਤੀ….. ਅੰਦਰੋਂ- ਅੰਦਰੀ ਜਿਵੇਂ ਘੁਟਣ ਮਹਿਸੂਸ ਕਰ ਰਹੀ ਹੋਵੇ। ਮੈਂ ਟਿਕਟਿਕੀ ਲਗਾ ਕੇ ਦੀਪੋ ਦੇ ਮੂੰਹ ਵੱਲ ਦੇਖਦੀ-ਦੇਖਦੀ ਇੰਨੀਆਂ ਗਹਿਰੀ ਸੋਚ ਵਿੱਚ ਚਲੀ ਗਈ ,ਕਿ ਦੀਪੋ ਨੂੰ ਹੋਇਆਂ ਕੀ ਆ……ਨਾ ਕੁੱਝ ਦੱਸਦੀ। ਦੀਪੋ ਕੁੱਝ ਨਾ ਕੁੱਝ ਮੇਰੇ ਤੋਂ ਛੁਪਾ ਰਹੀ ਸੀ ।ਇੰਨੀ ਕਮਜ਼ੋਰ ਹੋ ਗਈ ਜਿਵੇਂ ਮੁੱਠ-ਭਰ ਹੱਡੀਆਂ ਦਾ ਹੋਵੇ…… ਚਿਹਰੇ ਤੇ ਛਾਈਆਂ ਪੈ ਗਈਆਂ।ਹਾਸਾ ਤਾਂ ਕਿਤੇ ਉੱਡ-ਪੁੱਡ ਗਿਆ ਹੋਵੇ।)ਦੀਪੋ ਨੇ ਹਜੇ ਚਾਹ ਦੀ ਘੁੱਟ ਭਰੀ ਹੀ ਸੀ, ਇੰਨ੍ਹੇ ਨੂੰ ਫਿਰ ਵੀਰਾਂ ਗੁੱਸੇ ਵਿੱਚ ਬੋਲਣ ਲੱਗ ਗਿਆ..….. ਇੱਥੇ ਸਪਰੇਅ ਪਈ ਸੀ , ਕਿੱਥੇ ਰੱਖ ਦਿੱਤੀ???

ਅੱਗ ਲੱਗ ਜੇ ਇਨ੍ਹਾਂ ਦੀਆਂ ਸਾਫ਼- ਸਫ਼ਾਈਆਂ ਨੂੰ ਪਤਾ ਨੀ ਸਾਮਾਨ ਕਿੱਥੇ ਸੁੱਟ ਦਿੰਦੀਆਂ,ਕਿੰਨੀ ਵਾਰ ਆਖਿਆ ਖੇਤੀਬਾੜੀ ਵਾਲੇ ਸਾਮਾਨ ਨੂੰ ਨਾ ਚੁੱਕਿਆਂ ਕਰੋ…. ਵੀਰਾਂ ਭੜਕਿਆਂ ਪਿਆ ਸੀ। ਇਹ ਸਭ ਸੁਣ ਦੀਪੋ ਇਕਦਮ ਸੁੰਨ ਹੋ ਗਈ। ਜਿਵੇਂ ਉਸਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ ਹੋਵੇ……ਮੂੰਹ ਦੇ ਹਾਵ-ਭਾਵਾਂ ਤੋਂ ਪਤਾ ਲੱਗਦਾ ਸੀ ਕੋਈ ਤਾਂ ਗੱਲ ਹੈ।ਜੀਤੀ ਮੈਂ ਆਉਣੀ ਪੰਜ -ਮਿੰਟ ਰੁਕੀ! ਇਹ ਆਖ ਦੀਪੋ ਜਲਦੀ ਨਾਲ ਤੂੜੀ ਵਾਲੇ ਕੋਠੇ ਵੱਲ ਨੂੰ ਕਾਹਲ਼ੀ- ਕਾਹਲ਼ੀ ਤੁਰ ਪਈ। ਐਵੇਂ ਹੀ ਰੌਲ਼ਾ ਪਾਈ ਜਾਣੇ ਓ ਵੀਰ ਜੀ, ਇੱਥੇ ਤਾਂ ਨੀ ਆ ਦਵਾਈ.……ਆਹ !ਫੜੋ ਦਵਾਈ।ਇਹ ਅੰਦਰ ਕਿਉਂ ਰੱਖੀ ਆ ਦਵਾਈ,ਤੇਰਾ ਦਿਮਾਗ਼ ਨੀ ਕੰਮ ਕਰਦਾ ਦੀਪੋ….. ਤੇਰੇ ਦਿਮਾਗ਼ ਵਿੱਚ ਵੀ ਬਸ ਤੂੜੀ ਭਰੀ ਹੋਈ ਆ। ਨਹੀਂ ਵੀਰ ਜੀ,ਉਹ ਤਾਂ ਮੈਂ ਸਾਂਭਕੇ ਰੱਖੀ ਸੀ। ਕਿਤੇ ਕਿਸੇ ਡੰਗਰ- ਵੱਛੇ ਦੇ ਮੂੰਹ ਨਾ ਲੱਗ ਜਾਵੇ।ਅੱਛਾ, ਚੱਲ ਚੰਗਾ ਕੀਤਾ ਦੀਪੋ ਬੋਤਲ ਦਾ ਢੱਕਣ ਵੀ ਖੋਲਿਆ ਪਿਆ।

ਵੀਰ ਜੀ ਚਾਹ ਠੰਢੀ ਹੋ ਜਾਣੀ,ਝੋਲੇ ਵਿੱਚ ਪਾਈ ਪਈਆਂ। ਚੰਗਾਂ ਮੈਂ ਜਾਣਾ…..ਇਹ ਆਖ ਵੀਰਾਂ ਚਾਹ ਤੇ ਦਵਾਈ ਵਾਲਾ ਝੋਲਾ ਚੁੱਕ ਖੇਤ ਵੱਲ ਨੂੰ ਤੁਰ ਪਿਆ। ਦੀਪੋ ਦੱਬੇ ਪੈਰੀਂ ਮੇਰੇ ਕੋਲ ਆ ਕੇ ਫਿਰ ਕਮਰੇ ਵਿੱਚ ਬੈਠ ਗਈ। ਅੱਜ ਕੀ ਭੂਚਾਲ ਆ ਗਿਆ ਘਰੇ , ਇੰਨ੍ਹੇ ਤਪੇ ਫਿਰਦੇ ਨੇ ਸਾਰੇ ??? ਕੁੱਝ ਨੀ ਯਾਰ ਜੀਤੀ ਸੌਰੀ ਯਾਰ, ਤੈਨੂੰ ਪਤਾ ਤਾਂ ਹੈ ਜਦੋਂ ਖੇਤ ਕੰਮ ਚੱਲਦਾ ।ਫਿਰ ਤਾਂ ਸਾਰਾ ਦਿਨ ਐਵੇਂ ਗਾਹ ਪੈਂਦਾ। ਮੈਨੂੰ ਪਤਾ ਲੱਗਿਆ ਸੀ, ਤੂੰ ਵਾਲੀ ਹੀ ਬਿਮਾਰ ਰਹਿਣ ਲੱਗ ਪਈ। ਕੁੱਝ ਖਾਂਦੀ ਪੀਂਦੀ ਨੀ ਢੰਗ ਨਾਲ ???? ਦੀਪੋ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ।ਜੀਤੀ ਮੈਂ ਮਰ ਜਾਣਾ, ਮੈਂ ਨੀਂ ਰਹਿਣਾ ਇੱਥੇ (ਇਹ ਆਖ ਦੀਪੋ ਰੋਣ ਲੱਗ ਪਈ)। ਮੈਨੂੰ ਪਤਾ ਨੀ ਕੀ ਹੋਇਆ ਮੈਂ ਦੀਪੋ ਦੀਆਂ ਗੱਲਾਂ ਨੂੰ ਸੁਣ , ਉਸਦੇ ਟਿਕਾ ਕੇ ਥੱਪੜ ਮਾਰਿਆਂ। ਦੀਪੋ ਮੇਰੇ ਗਲ ਲੱਗ ਰੋਣ ਲੱਗੀ, ਮੈਂ ਘੁੱਟ ਕੇ ਜੱਫੀ ਪਾਈ ਤੇ ਉਸਨੂੰ ਚੁੱਪ ਕਰਵਾਇਆ, ਦੀਪੋ ਦਾ ਹੱਥ ਫੜ੍ਹ ਕੇ ਆਪਣੇ ਵੱਲ ਧਿਆਨ ਕੇਂਦਰਿਤ ਕੀਤਾ।

ਮੈਨੂੰ ਦੱਸ ਤੈਨੂੰ ਹੋਇਆ ਕੀ ਆ, ਮੈਂ ਹਮੇਸ਼ਾ ਤੇਰੇ ਨਾਲ।ਮੇਰੀ ਸਿਹਤ ਠੀਕ ਨਹੀਂ ਰਹਿੰਦੀ ਜੀਤੀ, ਤੈਨੂੰ ਵੀ ਪਤਾਂ ਮੈਂ ਪਹਿਲਾਂ ਤੋਂ ਹੀ ਕਿੰਨੀ ਕਮਜ਼ੋਰ ਆ। ਉੱਪਰੋਂ ਘਰਦੇ ਤੰਗ ਕਰਦੇ ਨੇ……ਅਖੇ ਤੇਰੀ ਪੜ੍ਹਾਈ ਤੇ ਇੰਨ੍ਹਾਂ ਪੈਸਾ ਲਾ ਦਿੱਤਾ। ਹੁਣ ਕਿਸੇ ਪਾਸੇ ਕੰਮ- ਧੰਦੇ ਲੱਗਜਾ। ਮੈਨੂੰ ਕੋਈ ਪਿਆਰ ਨੀ ਕਰਦਾ ,ਸਾਰਾ ਦਿਨ ਸੁਣਾਉਂਦੇ ਰਹਿੰਦੇ ਆ । ਤੈਨੂੰ ਪੜ੍ਹਾਈਆਂ ,ਤੇਰੀ ਦਵਾਈ ਦੇ ਖ਼ਰਚ। ਅੱਜ ਮੈਂ ਅੱਕ ਕੇ ਫੈਸਲਾ ਲੈ ਹੀ ਲਿਆ,ਇਸ ਲਈ ਸਪਰੇਅ ਲੁਕੋ ਕੇ ਰੱਖੀ ਸੀ……ਇਹ ਆਖ ਦੀਪੋ ਫਿਰ ਤੋਂ ਡੁਸਕਣ ਲੱਗ ਪਈ। ਪਹਿਲਾਂ ਤਾਂ ਤੂੰ ਇਹ ਡਰਾਮੇਬਾਜ਼ੀ ਬੰਦ ਕਰ।ਮਰ ਕਿ ਸਭ ਕੁੱਝ ਠੀਕ ਹੋ ਜਾਂਦਾ ਦੀਪੋ???? ਮੈਂ ਕਿਹੜਾ ਦੇਖਣ ਆਉਣਾ , ਘਰਦਿਆਂ ਦੀ ਜਾਨ- ਸੁਖਾਲੀ ਹੋਜੂ।ਅੱਛਾ ,ਜੇ ਤੈਨੂੰ ਤੇਰੇ ਘਰਦੇ ਨੀ ਸਮਝਦੇ। ਤੂੰ ਵਿਆਹ ਕਰਵਾ ਲੈ। ਜੀਤੀ ਬੇਗਾਨਿਆਂ ਦੇ ਮੂੰਹ ਭਰਨੇ ਬਹੁਤ ਔਖੇ ਨੇ। ਇੱਥੇ ਕਦਰ ਸੋਹਣੇ- ਸਨੱਖਿਆਂ ਦੀ ਪੈਂਦੀ ਆ।ਇਹ ਤੇਰਾ ਭਰਮ ਆ ਦੀਪੋ (ਮੈਂ ਗੱਲ ਵਿੱਚੋਂ ਕੱਟਦੀ ਨੇ ਆਖਿਆ)ਤੂੰ ਵੀ ਆਈਲੈਟਸ ਕਰਲਾ ਤੇਰੀ ਵੀ ਕਦਰਾਂ-ਕੀਮਤਾਂ ਪੈਜੂ…. ਨਹੀਂ ਤਾਂ ਤੈਨੂੰ ਪਤਾ ਇੱਧਰ ਨੌਕਰੀ ਕਿੱਥੇ ਮਿਲਦੀ ਆ। ਤੈਨੂੰ ‌ਪਤਾ ਜੀਤੀ ਮੇਰੇ ਪਾਪਾ ਨੇ ਕੀ ਨੀ ਕੀਤਾ ਮੇਰੀ ਖਾਤਿਰ,ਆਪ ਵੀ ਵਿਚਾਰਾਂ ਦਿਲ ਦੇ ਮਰੀਜ਼ ਹੋ ਗਏ…..ਮੇਰੀ ਪੜ੍ਹਾਈ ਪੂਰੀ ਕਰਾਉਣ ਖਾਤਿਰ ਉਹਨਾਂ ਨੇ ਆਪਣੇ ਦਿਲ ਦਾ ਆਪ੍ਰੇਸ਼ਨ ਨੀ ਕਰਵਾਇਆਂ।

ਮਹਿੰਗਾਈ ਨੇ ਅੱਗ ਲਾਈ ਪਈ ਆ, ਖੇਤੀਬਾੜੀ ਵਿੱਚੋਂ ਕੁੱਝ ਬਚਦਾ ਨੀ,ਰੇਹਾਂ- ਸਪਰੇਅ , ਡੀਜ਼ਲ ਦੇ ਭਾਅ ਕਿੱਥੇ ਪਹੁੰਚ ਗਏ। ਲੋਕਾਂ ਦੀ ਲੱਜ- ਸ਼ਰਮ ਨੂੰ ਖੇਤੀ ਕਰਨੀ ਪੈਂਦੀ ਆ ।ਸ਼ਰੀਕੇ ਵਿੱਚ ਧੋਣ ਨੀਵੀਂ ਕਰਕੇ ਵੀ ਨੀ ਰਹਿਆਂ ਜਾਂਦਾ।ਇਹ ਗੱਲਾਂ ਤੂੰ ਆਖ ਰਹੀ ਆ ਦੀਪੋ…… ਕਿਉਂ ਕੀ ਹੋਇਆ ਜੀਤੀ????ਇਹ ਗੱਲ ਤੂੰ ਉਸ ਵਖ਼ਤ ਸੋਚੀਂ??? ਤੇਰੇ ਮਰਨ ਪਿੱਛੋਂ ਸ਼ਰੀਕੇ ਤੇ ਪਿੰਡ ਵਿੱਚ ਬਹੁਤ ਸ਼ੋਭਾ ਹੋਣੀ ਸੀ ਹਨਾ…… ਲੋਕਾਂ ਨੇ ਆਖਣਾ ਸੀ,ਉਹ ਜਾਂਦਾ ਦੀਪੋ ਦਾ ਬਾਪੂ……ਪਤਾ ਨੀ ਕਿਸ ਪਿੱਛੇ ਇਸਦੀ ਕੁੜੀ ਮਰਗੀ…ਵੱਡਾ ਪਿੰਡ ਦਾ ਪ੍ਰਧਾਨ ਬਣਿਆਂ,ਇਹ ਸਭ ਆਖ ਕੇ ਹੱਸਿਆਂ ਕਰਨਾ ਸੀ ਲੋਕਾਂ ਨੇ। ਤੂੰ ਇਹ ਕਦਰ ਪਾ ਕੇ ਜਾਵਾਂਗੀ , ਜਿਹੜੇ ਬਾਪ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ, ਤੈਨੂੰ ਖ਼ੁਸ਼ੀਆਂ ਦਿੱਤੀਆਂ। ਤੂੰ ਆਪਣੀ ਇਸ ਘਟੀਆਂ ਸੋਚ ਨਾਲ ਰਹਿੰਦੀ ਉਮਰ ਲਈ ਹੰਝੂ ਦੇ ਜੀ। ਕੁੱਝ ਦਿਨ ਮਾੜੇ ਹੁੰਦੇ ਨੇ,ਪੂਰੀ ਜ਼ਿੰਦਗੀ ਨੀ।ਇਹ ਕਦੇ ਹੋਇਆਂ ਰਾਤ ਪਿੱਛੋਂ ਸਵੇਰ ਨਾ ਹੋਇਆਂ ਹੋਵੇ। ਕਾਇਰ ਹੁੰਦੇ ਨੇ ਉਹ ਲੋਕ ਜਿਹੜੇ ਹਲਾਤਾਂ ਨਾਲ ਲੜਣਾ ਨੀ ਜਾਣਦੇ। ਤੈਨੂੰ ਮਨੁੱਖੀ ਜ਼ਿੰਦਗੀ ਜਿਊਣੀ ਔਖੀ ਲੱਗਦੀ ਆ…..ਮਰਜ਼ੀ ਦਾ ਖਾਣਾ, ਮਰਜ਼ੀ ਨਾਲ ਪਹਿਨਣਾ ।

ਇੱਕ ਵਾਰ ਡੰਗਰਾਂ ਵੱਲ ਝਾਤ ਮਾਰਿਆਂ, ਜਿਹੜੇ ਬੇਬਸੀ ਨਾਲ ਖੜ੍ਹੇ ਆਪਣੇ ਪੱਠਿਆਂ ਤੇ ਪਾਣੀ ਦੀ ਝਾਕ ਤੇ ਹੋਣਗੇ।ਪਤਾ ਨੀ ਦੀਪੋ ਦੇ ਦਿਮਾਗ਼ ਵਿੱਚ ਕੀ ਆਇਆਂ, ਮੈਨੂੰ ਘੁੱਟ ਕੇ ਕਲਾਵੇ ਵਿੱਚ ਆਖਣ ਲੱਗੀ,ਜੇ ਅੱਜ ਤੂੰ ਨਾ ਹੁੰਦੀ ਮੈਂ ਕੁੱਝ ਕਰ ਬੈਠਦੀ। ਮੈਂ ਬਹੁਤ ਇਕੱਲੀ ਰਹਿ ਗਈ ਸੀ, ਕਿਸੇ ਨਾਲ ਵੀ ਦਿਲ ਦੀ ਗੱਲ ਨੀ ਹੁੰਦੀ ‌। ਤੂੰ ਕਦੋਂ ਤੱਕ ਲੋਕਾਂ ਦਾ ਸਹਾਰਾ ਲੱਭੇਗੀ???? ਤੇਰੇ ਕੋਲ ਵੀ ਇੱਕ ਤੇਰੇ ਵਰਗਾ ਸੱਚਾ ਮਿੱਤਰ ਆ। ਆਪਣੇ ਆਪ ਨੂੰ ਸ਼ੀਸ਼ੇ ਅੱਗੇ ਖਲੋ ਕੇ ਦੇਖੀ, ਤੇਰੇ ਕੋਲ ਕਿੰਨ੍ਹਾਂ ਕੁੱਝ ਆ ਜ਼ਿੰਦਗੀ ਜਿਊਣ ਲਈ। ਧੰਨਵਾਦ ਜੀਤੀ ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ, ਐਵੇਂ ਕਰਨਾ ਤਾਂ ਦੂਰ ਦੀ ਗੱਲ ਮੈਂ ਕਦੇ ਸੋਚਦੀ ਵੀ ਨੀਂ।ਇਹ ਹੋਈ ਨਾ ਬਹਾਦੁਰੀ ਵਾਲੀ ਗੱਲ । ਕੁੜੇ ਜੀਤੀ ਆਜਾ ਤੈਨੂੰ ਕਿਹੜਾ ਵੇਲਾ ਹੋ ਗਿਆ ਗਈ ਨੂੰ, ਅਜੇ ਤੱਕ ਮੁੜੀ ਨੀ…..(ਇਹ ਆਵਾਜ਼ ਮੇਰੀ ਮਾਂ ਦੀ ਸੀ) ਚੰਗਾ ਦੀਪੋ ਹੁਣ ਮੈਂ ਚੱਲਦੀ ਆ, ਘਰੋਂ ਆਵਾਜ਼ਾਂ ਪਈ ਜਾਂਦੀਆਂ ਨੇ। ਹੁਣ ਰੋਈਂ ਨਾ ਜਾਵੀਂ, ਜ਼ਿੰਦਗੀ ਵਿੱਚ ਕੁੱਝ ਕਰਕੇ ਦਿਖਾਉਣਾ , ਮਿਹਨਤ ਤੇ ਲਗਨ ਨਾਲ ਕੰਮ ਕਰਿਆ ਕਰ। ਮਾਂ- ਬਾਪ ਜੋ ਆਖਦੇ ਨੇ ਆਪਣੇ ਚੰਗੇ ਲਈ ਆਖਦੇ ਨੇ। ਉਹਨਾਂ ਦਾ ਕਹਿਣਾ ਨਾ ਮੋੜਿਆਂ ਕਰ…… ਚੰਗਾ ਫਿਰ ਹੁਣ ਤੇਰੇ ਭੋਗ ਤੇ ਆਉ ਜਲੇਬੀਆਂ ਖਾਣ।ਇਹ ਆਖ ਅਸੀਂ ਦੋਨੋਂ ਜਾਣੀਆਂ ਹੱਸ ਪਈਆਂ।

ਚੰਗਾ ਦੀਪੋ ਧਿਆਨ ਰੱਖੀ ਆਪਣਾ, ਕਦੇ ਵੀ ਕੋਈ ਲੋੜ ਹੋਈ ਮੈਨੂੰ ਦੱਸੀ। ਮੈਂ ਹਮੇਸ਼ਾ ਤੇਰੇ ਨਾਲ ਖੜ੍ਹੀ ਆ।ਥੈਂਕਯੂ ਯਾਰ ਜੀਤੀ……. ਚੱਲ ਹੁਣ ਮੈਨੂੰ ਜਾਣਦੇ , ਨਹੀਂ ਤਾਂ ਮਾਂ ਜੁੱਤੀਆਂ ਨਾਲ ਸਵਾਗਤ ਕਰੂ ਮੇਰਾ। ਦੀਪੋ ਨੂੰ ਖੁਸ਼ ਦੇਖਕੇ , ਉਸਦੀ ਮਾਂ ਦੇ ਚਿਹਰੇ ਤੇ ਵੀ ਰੌਣਕ ਆ ਗਈ। ਹੁਣ ਤੂੰ ਆਜੀ ਦੀਪੋ ਸਾਡੇ ਘਰ ਜਦੋਂ ਟਾਇਮ ਮਿਲਿਆ। ਹਾਂ ਜਰੂਰ ਆਉ ਜੀਤੀ ।
ਬਾਏ ਦੀਪੋ… ਮਿਲਦਿਆਂ ਫਿਰ ਬਹੁਤ ਜਲਦੀ। ਖੁਸ਼ ਰਹਿਆਂ ਕਰ।

ਲਵਪ੍ਰੀਤ ਕੌਰ
ਪਿੰਡ ਭੈਣੀ ਅਰੋੜਾ (ਲੁਧਿਆਣਾ)
75269-96586

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਖਿਡਾਰੀਆਂ ਨੂੰ ਪੈ ਰਹੀ ਹੈ ਕਰੋਨਾ ਦੀ ਮਾਰ: ਕਬੱਡੀ ਕੁਮੈਂਟੇਟਰ ਬੀਰਾ ਰੈਲਮਾਜਰਾ
Next articleਜਾਨਵਰ ਕੌਣ