ਮੋਬਾਈਲ ਫੋਨ ਨਾ ਦੇਣ ’ਤੇ ਛੋਟੇ ਭਰਾ ਦਾ ਕਤਲ

ਚੰਡੀਗੜ੍ਹ (ਸਮਾਜ ਵੀਕਲੀ)- ਸਥਾਨਕ ਬਾਪੂ ਧਾਮ ਕਲੋਨੀ ਵਿੱਚ ਮੋਬਾਈਲ ਫੋਨ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ’ਤੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਹੱਤਿਆਰਾ ਫ਼ਰਾਰ ਹੋ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਪੀੜਤ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਛਾਣ 18 ਸਾਲਾ ਅਭਿਸ਼ੇਕ ਵਜੋਂ ਹੋਈ ਹੈ। ਪੁਲੀਸ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਵੱਡੇ ਭਰਾ 19 ਸਾਲਾ ਅਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਅਤੇ ਅਭਿਸ਼ੇਕ ਵਿਚਕਾਰ ਮੋਬਾਈਲ ਫੋਨ ਨੂੰ ਲੈ ਕੇ ਝਗੜਾ ਹੋ ਗਿਆ ਕਿਉਂਕਿ ਅਭਿਸ਼ੇਕ ਕਈ ਦਿਨਾਂ ਤੋਂ ਅਮਨ ਨੂੰ ਮੋਬਾਈਲ ਫੋਨ ਵਾਪਸ ਨਹੀਂ ਕਰ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਅਮਨ ਚਾਕੂ ਲੈ ਕੇ ਅਭਿਸ਼ੇਕ ਦੇ ਪਿੱਛੇ ਭੱਜਿਆ ਜਿਸ ਨੇ ਘਰ ਤੋਂ 100 ਮੀਟਰ ਦੀ ਦੁੂਰੀ ’ਤੇ ਸਥਿਤ ਪਾਰਕ ’ਚ ਅਭਿਸ਼ੇਕ ਦੀ ਛਾਤੀ ’ਚ ਚਾਕੂ ਮਾਰ ਦਿੱਤਾ ਤੇ ਫ਼ਰਾਰ ਹੋ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਅਭਿਸ਼ੇਕ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਅਤੇ ਸੀਐੱਫਐੱਸਐਲ ਦੀ ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਪੁਲੀਸ ਨੇ ਮ੍ਰਿਤਕ ਦੇ ਭਰਾ ਅਮਨ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਸ਼ਾਸਤਰੀ ਨਗਰ ਦੇ ਨਜ਼ਦੀਕ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਨੇ ਮੁਲਜ਼ਮ ਤੋਂ ਵਾਰਦਾਤ ’ਚ ਵਰਤਿਆ ਚਾਕੂ ਬਰਾਮਦ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸੈਕਟਰ-16 ਦੇ ਮੁਰਦਾਘਰ ’ਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਅਭਿਸ਼ੇਕ ਮੋਟਰ ਮਾਰਕੀਟ ’ਚ ਬਤੌਰ ਮਕੈਨਿਕ ਕੰਮ ਕਰਦਾ ਸੀ। ਜੋ ਕਿ ਆਪਣੀ ਮਾਤਾ ਤੇ ਭਰਾ ਅਮਨ ਨਾਲ ਬਾਪੂਧਾਮ ਕਲੋਨੀ ’ਚ ਨਾਨਕੇ ਘਰ ਰਹਿੰਦੇ ਸੀ ਜਿਨ੍ਹਾਂ ਦੇ ਪਿਤਾ ਦੀ 11 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਸਬੰਧੀ ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।

Previous articleਆਟੋਮੋਬਾਈਲ ਨਿਰਮਾਤਾਵਾਂ ਨੂੰ ਵੈਂਟੀਲੇਟਰ ਬਣਾਉਣ ਦੇ ਨਿਰਦੇਸ਼
Next articleਲੋਕਾਂ ਦਾ ਨਿਕਲਿਆ ਤ੍ਰਾਹ, ਚੋਰਾਂ ਨੂੰ ਚੜ੍ਹਿਆ ਚਾਅ