ਮੋਦੀ ਵੱਲੋਂ ਸ੍ਰੀਲੰਕਾ ਨੂੰ 45 ਕਰੋੜ ਡਾਲਰ ਕਰਜ਼ਾ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀਲੰਕਾ ਨੂੰ 45 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ’ਚ ਅਤਿਵਾਦ ਨਾਲ ਸਿੱਝਣ ਲਈ ਪੰਜ ਕਰੋੜ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ। ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨਾਲ ਮੀਟਿੰਗ ਦੌਰਾਨ ਸਮੁੰਦਰੀ ਸੁਰੱਖਿਆ, ਤਾਮਿਲ ਘੱਟ ਗਿਣਤੀਆਂ ਦੀਆਂ ਮੰਗਾਂ, ਮਛੇਰਿਆਂ ਦੇ ਮਸਲੇ ਅਤੇ ਸੁਰੱਖਿਆ ਤੇ ਵਪਾਰਕ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਹੋਇਆ।
ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਦੀ ਸਮੁੰਦਰੀ ਸੁਰੱਖਿਆ ਅਤੇ ਵਿਕਾਸ ‘ਅਨਿੱਖੜਵੇਂ’ ਹਨ ਅਤੇ ਇਹ ਕੁਦਰਤੀ ਹੈ ਕਿ ਦੋਵੇਂ ਮੁਲਕ ਇਕ-ਦੂਜੇ ਦੇ ਸੁਰੱਖਿਆ ਹਿੱਤਾਂ ਪ੍ਰਤੀ ਸੁਚੇਤ ਰਹਿੰਦੇ ਹਨ। ਤਾਮਿਲ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦੀ ਨਵੀਂ ਸਰਕਾਰ ਤਾਮਿਲਾਂ ਲਈ ਬਰਾਬਰੀ, ਨਿਆਂ, ਸ਼ਾਂਤੀ ਅਤੇ ਸਤਿਕਾਰ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕਰੇਗੀ। ਉਨ੍ਹਾਂ ਕਿਹਾ ਕਿ ਸਥਿਰ, ਸੁਰੱਖਿਅਤ ਅਤੇ ਖ਼ੁਸ਼ਹਾਲ ਸ੍ਰੀਲੰਕਾ ਨਾ ਸਿਰਫ਼ ਭਾਰਤ ਸਗੋਂ ਪੂਰੇ ਹਿੰਦ ਮਹਾਸਾਗਰ ਖ਼ਿੱਤੇ ਲਈ ਲਾਭਦਾਇਕ ਹੈ। ਭਾਰਤ ਨਾਲ ਸਬੰਧ ਹੋਰ ਗੂੜ੍ਹੇ ਕਰਨ ਦੇ ਇਰਾਦੇ ਨਾਲ ਰਾਜਪਕਸਾ ਵੀਰਵਾਰ ਨੂੰ ਤਿੰਨ ਦਿਨੀ ਭਾਰਤ ਦੌਰੇ ’ਤੇ ਆਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣ ਲਈ ਉਹ ਸਖ਼ਤ ਮਿਹਨਤ ਕਰਨਗੇ।

Previous articleਜਲੰਧਰੀਆਂ ਨੂੰ ਮਹਿੰਗਾ ਪਵੇਗਾ ਪਾਣੀ
Next articleਪ੍ਰੱਗਿਆ ਨੇ ਲੋਕ ਸਭਾ ’ਚ ਦੋ ਵਾਰ ਮੰਗੀ ਮੁਆਫ਼ੀ