ਮੋਦੀ ਵਲੋਂ ਆਪਣੇ ਹਮਾਇਤੀਆਂ ਨੂੰ ‘ਮੈਂ ਵੀ ਚੌਕੀਦਾਰ’ ਦਾ ਹਲਫ਼ ਲੈਣ ਦਾ ਹੋਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਾਇਤੀਆਂ ਨੂੰ ‘ਮੈਂ ਵੀ ਚੌਕੀਦਾਰ’ ਦਾ ਹਲਫ਼ ਲੈਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਲੜਾਈ ਵਿਚ ਉਹ ਇਕੱਲੇ ਨਹੀਂ ਹਨ। ਸ੍ਰੀ ਮੋਦੀ ਨੇ ਟਵਿਟਰ ’ਤੇ ਲਿਖਿਆ ‘‘ ਤੁਹਾਡਾ ਚੌਕੀਦਾਰ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰ ਮੈਂ ਇਕੱਲਾ ਨਹੀਂ ਹਾਂ। ਭ੍ਰਿਸ਼ਟਾਚਰ, ਗੰਦਗੀ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਲੜਨ ਵਾਲਾ ਹਰ ਕੋਈ ਚੌਕੀਦਾਰ ਹੈ। ਹਰ ਕੋਈ ਭਾਰਤ ਦੀ ਤਰੱਕੀ ਲਈ ਸਖ਼ਤ ਮਿਹਨਤ ਕਰਨ ਵਾਲਾ ਚੌਕੀਦਾਰ ਹੈ। ਅੱਜ ਹਰੇਕ ਭਾਰਤੀ ਕਹਿ ਰਿਹਾ ਹੈ ਕਿ ਮੈਂ ਵੀ ਚੌਕੀਦਾਰ।’’ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਦੀ ਮੁਹਿੰਮ ਦਾ ਮਜ਼ਾਕ ਉਡਾਉਂਦਿਆਂ ਟਵੀਟ ਕੀਤਾ ‘‘ ਸ੍ਰੀ ਮੋਦੀ ਵਲੋਂ ਬਚਣ ਦੀ ਕੋਸ਼ਿਸ਼। ਅੱਜ ਤੁਹਾਡਾ ਅਪਰਾਧ ਬੋਲ ਰਿਹਾ ਹੈ।’’ ਇਸ ਦੇ ਨਾਲ ਉਨ੍ਹਾਂ ਸ੍ਰੀ ਮੋਦੀ ਦੀ ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ, ਅਨਿਲ ਅੰਬਾਨੀ ਅਤੇ ਗੌਤਮ ਅਡਾਨੀ ਜਿਹੇ ਕਾਰੋਬਾਰੀਆਂ ਨਾਲ ਇਕ ਤਸਵੀਰ ਵੀ ਟੈਗ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿਚ ਕਿਹਾ ‘‘ ਜਿਹੜਾ 10 ਲੱਖ ਰੁਪਏ ਦਾ ਸੂਟ ਪਹਿਨਦਾ ਹੈ ਤੇ ਬੈਂਕ ਨਾਲ ਠੱਗੀਆਂ ਕਰਨ ਵਾਲੇ ਮੋਦੀ-ਮੇਹੁਲ-ਮਾਲਿਆ ਵਰਗਿਆਂ ਦੀ ਮਦਦ ਕਰਦਾ ਹੈ, ਆਪਣੇ ਪ੍ਰਚਾਰ ’ਤੇ 52000 ਕਰੋੜ ਰੁਪਏ ਖਰਚਦਾ ਹੈ, 84 ਮੁਲਕਾਂ ਦੇ ਦੌਰਿਆਂ ’ਤੇ 2100 ਕਰੋੜ ਰੁਪਏ ਖਰਚਦਾ ਹੈ ਅਤੇ ਰਾਫ਼ਾਲ ਸੌਦੇ ਵਿਚ 30 ਹਜ਼ਾਰ ਕਰੋੜ ਰੁਪਏ ਦੀ ਚੋਰੀ ਲਈ ਮਦਦ ਕਰਦਾ ਹੈ, ਕੇਵਲ ਉਹੀ ਚੌਕੀਦਾਰ ਚੋਰ ਹੈ।’’

Previous articleਵਿਸ਼ਵਾਸਘਾਤ ਦਿਵਸ: ਕੈਪਟਨ ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਮੁਜ਼ਾਹਰੇ
Next articleਪੁਲਵਾਮਾ ਹਮਲੇ ਵੇਲੇ ਸ਼ੂਟਿੰਗ ਵਿਚ ਰੁੱਝੇ ਰਹੇ ਮੋਦੀ: ਰਾਹੁਲ