ਮੋਦੀ ਬਾਰੇ ਵੈੱਬ ਸੀਰੀਜ਼ ਰੋਕਣ ਦੇ ਹੁਕਮ

ਚੋਣ ਕਮਿਸ਼ਨ ਨੇ ਵੈੱਬ ਸੀਰੀਜ਼ ਪ੍ਰਸਾਰਨ ਸੇਵਾ ਨਾਲ ਜੁੜੀ ਕੰਪਨੀ ‘ਇਰੋਸ ਨਾਓ’ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਤ ਸੀਰੀਜ਼ ਦੀ ਆਨਲਾਈਨ ਸਟ੍ਰੀਮਿੰਗ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਉਣ ਲਈ ਕਿਹਾ ਹੈ। ਕਮਿਸ਼ਨ ਨੇ ਆਪਣੇ ਹੁਕਮ ਵਿਚ ‘ਇਰੋਸ ਨਾਓ’ ਨੂੰ ਅਗਲੀ ਹਦਾਇਤ ਤੱਕ ‘ਮੋਦੀ- ਜਰਨੀ ਆਫ਼ ਏ ਕੌਮਨ ਮੈਨ’ ਨਾਂ ਦੀ ਵੈੱਬ ਸੀਰੀਜ਼ ਦਾ ਪ੍ਰਸਾਰਨ ਰੋਕਣ ਲਈ ਕਿਹਾ ਹੈ। ਕਮਿਸ਼ਨ ਨੇ ਮੋਦੀ ’ਤੇ ਆਧਾਰਤ ਬਾਇਓਪਿਕ ਫ਼ਿਲਮ ਦੀ ਰਿਲੀਜ਼ ਰੋਕਣ ਦੇ ਆਪਣੇ 10 ਅਪਰੈਲ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਇਸ ਵੈੱਬ ਸੀਰੀਜ਼ ਨੂੰ ਵੀ ਰੋਕਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਚੋਣ ਜ਼ਾਬਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੈੱਬ ਸੀਰੀਜ਼ ਨਾਲ ਸਬੰਧਤ ਤੱਥਾਂ ਤੇ ਪ੍ਰਸਾਰਨ ਸਮੱਗਰੀ ਦੇ ਮੱਦੇਨਜ਼ਰ ਇਹ ਸਪੱਸ਼ਟ ਹੈ ਕਿ ਇਹ ਪ੍ਰਧਾਨ ਮੰਤਰੀ ਤੇ ਇਕ ਆਗੂ ਦੇ ਰੂਪ ਵਿਚ ਮੋਦੀ ’ਤੇ ਆਧਾਰਤ ਅਸਲ ਵੈੱਬ ਸੀਰੀਜ਼ ਹੈ। ਲੋਕ ਸਭਾ ਚੋਣਾਂ ਦੇ ਇਕ ਸੰਭਾਵੀ ਉਮੀਦਵਾਰ ਦੇ ਰੂਪ ਵਿਚ ਉਨ੍ਹਾਂ ’ਤੇ ਆਧਾਰਤ ਵੈੱਬ ਸੀਰੀਜ਼ ਦੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਚੋਣ ਕਮਿਸ਼ਨ ਨੇ ਸੀਰੀਜ਼ ਦਾ ਟ੍ਰੇਲਰ ਦੇਖਣ ਤੋਂ ਬਾਅਦ ਇਹ ਹੁਕਮ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਵੈੱਬ ਸੀਰੀਜ਼ ਮੋਦੀ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ- ਬਚਪਨ ਤੋਂ ਲੈ ਕੇ ਕੌਮੀ ਆਗੂ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦਾ ਹੈ। ਇਸ ਸਬੰਧੀ ਕੰਪਨੀ ਜਾਂ ਨਿਰਮਾਤਾਵਾਂ ਦੀ ਅਜੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਚੋਣ ਕਮਿਸ਼ਨ ਨੇ ਕੰਪਨੀ ਨੂੰ ਹੁਕਮ ਲਾਗੂ ਕਰਨ ਤੋਂ ਬਾਅਦ ਕਮਿਸ਼ਨ ਨੂੰ ਜਾਣੂ ਕਰਵਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਬਾਇਓਪਿਕ ‘ਪੀਐਮ ਨਰਿੰਦਰ ਮੋਦੀ’ ਦੇ ਨਿਰਮਾਤਾ ਵੀ ਸੁਪਰੀਮ ਕੋਰਟ ਵਿਚ ਫ਼ਿਲਮ ’ਤੇ ਪਾਬੰਦੀ ਦਾ ਵਿਰੋਧ ਕਰ ਰਹੇ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੈੱਬ ਸੀਰੀਜ਼ ਦੀ ਰਿਲੀਜ਼ ਨਾਲ ਨਿਰਪੱਖ ਚੋਣਾਂ ਕਰਵਾਉਣ ਦਾ ਕਮਿਸ਼ਨ ਦਾ ਮੰਤਵ ਸਵਾਲਾਂ ਦੇ ਘੇਰੇ ਵਿਚ ਆ ਸਕਦਾ ਹੈ ਤੇ ਸਾਰਿਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ।

Previous articleਚੋਣ ਸਮਝੌਤਾ ਸਿਰੇ ਨਾ ਚੜ੍ਹਨ ਲਈ ਕਾਂਗਰਸ ਜ਼ਿੰਮੇਵਾਰ: ‘ਆਪ’
Next articleਕਾਂਗਰਸ ਦੀ ਵੋਟ ਭਗਤੀ ਤੇ ਸਾਡੀ ਦੇਸ਼ ਭਗਤੀ: ਮੋਦੀ