ਮੋਦੀ ਦਾ ਨਵਾਂ ਸਿਹਤ ਮੰਤਰ ‘ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼’

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਫਿੱਟ (ਸਿਹਤਮੰਦ) ਰਹਿਣਾ ਓਨਾ ਵੀ ਮੁਸ਼ਕਲ ਕੰਮ ਨਹੀਂ ਹੈ, ਜਿੰਨਾ ਕੁਝ ਲੋਕਾਂ ਨੂੰ ਲਗਦਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਨੇਮਾਂ ਤੇ ਮਿਹਨਤ ਨਾਲ ਹਮੇਸ਼ਾ ਸਿਹਤਮੰਦ ਰਿਹਾ ਜਾ ਸਕਦਾ ਹੈ। ਊਨ੍ਹਾਂ ਕਿਹਾ ਕਿ ‘ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼’ ਮੰਤਰ ਵਿੱਚ ਸਾਰਿਆਂ ਦੀ ਤੰਦਰੁਸਤੀ ਤੇ ਸੁਖ ਲੁਕਿਆ ਹੋਇਆ ਹੈ।

ਪ੍ਰਧਾਨ ਮੰਤਰੀ ਇਥੇ ‘ਫਿਟ ਇੰਡੀਆ ਮੁਹਿੰਮ’ ਦੀ ਪਹਿਲੀ ਵਰ੍ਹੇਗੰਢ ਮੌਕੇ ਫਿਟਨੈੱਸ ਜਾਗਰੂਕਤਾ ਦਾ ਪ੍ਰਚਾਰ ਪਾਸਾਰ ਕਰਨ ਵਾਲੇ ਲੋਕਾਂ ਨਾਲ ਸੰਵਾਦ ਕਰਨ ਮੌਕੇ ਬੋਲ ਰਹੇ ਸਨ। ਪ੍ਰਧਾਨ    ਮੰਤਰੀ ਦੇ ਰੂਬਰੂ ਹੋਣ ਵਾਲਿਆਂ ’ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰ ਮਿਲਿੰਦ ਸੋਮਨ ਤੇ ਉੱਘੇ ਡਾਇਟੀਸ਼ੀਅਨ ਰੁਜੁਤਾ ਦਿਵੇਕਰ ਤੋਂ ਇਲਾਵਾ ਫਿਟਨੈੱਸ ਨੂੰ ਲੈ    ਕੇ ਉਤਸ਼ਾਹਿਤ ਆਮ ਨਾਗਰਿਕ    ਸ਼ਾਮਲ ਸਨ।

ਸ੍ਰੀ ਮੋਦੀ ਨੇ ਅੱਜ ਦੇ ਸੰਵਾਦ ਨੂੰ ਹਰ ਉਮਰ ਵਰਗ ਦੇ ਲੋਕਾਂ ਲਈ ਲਾਹੇਵੰਦ ਕਰਾਰ ਦਿੰਦਿਆਂ ਕਿਹਾ ਕਿ ਇਕ ਸਾਲ ਦੇ ਅੰਦਰ ‘ਫਿਟ ਇੰਡੀਆ ਮੁਹਿੰਮ’ ਆਮ ਲੋਕਾਂ ਦੀ ਮੁਹਿੰਮ ਬਣ ਚੁੱਕੀ ਹੈ ਤੇ ਦੇਸ਼ ਵਿੱਚ ਸਿਹਤ ਤੇ ਫਿਟਨੈੱਸ ਨੂੰ ਲੈ ਕੇ ਲਗਾਤਾਰ ਜਾਗਰੂਕਤਾ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਫਿਟ ਇੰਡੀਆ ਮੁਹਿੰਮ ਨੇ ਆਪਣੇ ਅਸਰ ਤੇ ਪ੍ਰਸੰਗਿਕਤਾ ਨੂੰ ਕਰੋਨਾ ਕਾਲ ਵਿੱਚ ਸਾਬਤ ਕਰ ਕੇ ਵਿਖਾਇਆ ਹੈ ਕਿ ਫਿਟ ਰਹਿਣਾ ਇੰਨਾ ਵੀ ਔਖਾ ਕਾਰਜ ਨਹੀਂ ਹੈ, ਜਿੰਨਾ ਲੋਕਾਂ ਨੂੰ ਲਗਦਾ ਹੈ। ਥੋੜ੍ਹੇ ਜਿਹੇ ਨੇਮਾਂ ਤੇ ਮਿਹਨਤ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹਿ ਸਕਦੇ ਹੋ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਲ ਆਲਮ ਵਿੱਚ ਕਿਰਤ, ਸਫ਼ਲਤਾ ਤੇ ਭਵਿੱਖ, ਸਭ ਕੁਝ ਸਿਹਤ ’ਤੇ ਮੁਨੱਸਰ ਕਰਦਾ ਹੈ। ਕੋਹਲੀ, ਸੋਮਨ ਤੇ ਦਿਵੇਕਰ ਤੋਂ ਇਲਾਵਾ ਇਸ ਸੈਸ਼ਨ ਵਿੱਚ ਪੈਰਾਲੰਪਿਕ ’ਚ ਸੋਨ ਤਗ਼ਮਾ ਜੇਤੂ ਜੈਵਲਿਨ ਥਰੋਅਰ ਦੇਵੇਂਦਰ ਝਝਾਰੀਆ ਤੇ ਜੰਮੂ ਕਸ਼ਮੀਰ ਦੀ ਮਹਿਲਾ ਫੁਟਬਾਲਰ ਅਫ਼ਸ਼ਾਂ ਆਸ਼ਿਕ ਵੀ ਸ਼ਾਮਲ ਸੀ।

Previous articleਡੇਰਾਬੱਸੀ ’ਚ ਉਸਾਰੀ ਅਧੀਨ ਇਮਾਰਤ ਡਿੱਗੀ, ਚਾਰ ਹਲਾਕ
Next articleਮੋਦੀ ਤੇ ਰਾਜਪਕਸੇ ਵਿਚਾਲੇ ਵਰਚੁਅਲ ਮੀਟਿੰਗ ਭਲਕੇ