ਮੋਦੀ ਤੇ ਮਨਮੋਹਨ ਸਿੰਘ ਨੇ ਬਾਦਲ ਪਰਿਵਾਰ ਦੇ ਸਮਾਗਮ ’ਚ ਹਾਜ਼ਰੀ ਭਰੀ

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਬਾਦਲ ਪਰਿਵਾਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਸਮੇਤ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰਬਾਣੀ ਦੇਸ਼ ਦੀਆਂ ਮਹਾਨ ਸੰਸਕ੍ਰਿਤਕ ਪ੍ਰੰਪਰਾਵਾਂ ਦਾ ਸਰਲ ਤੇ ਬਹੁਤ ਚੰਗੇ ਤਰੀਕੇ ਨਾਲ ਨਿਚੋੜ ਪੇਸ਼ ਕਰਦੀ ਹੈ ਤੇ ਇਕ-ਇੱਕ ਸ਼ਬਦ ਪ੍ਰੇਰਣਾਮਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਰਲਿਨ ਦੀ ਕੰਧ ਟੁੱਟਣ ਬਾਰੇ ਕਿਸ ਨੇ ਸੋਚਿਆ ਸੀ, ਇਸੇ ਤਰ੍ਹਾਂ ਕਰਤਾਰਪੁਰ ਦਾ ਲਾਂਘਾ ਗੁਰੂ ਨਾਨਕ ਦੇ ਆਸ਼ੀਰਵਾਦ ਦੇ ਨਾਲ ਜਨ-ਜਨ ਨੂੰ ਜੋੜਨ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇਸ਼ ਦੀ ਭਾਈਚਾਰਕ ਅਖੰਡਤਾ ਦਾ ਸਮਰੱਥਵਾਨ ਸੰਦੇਸ਼ ਹੈ।
ਇਸ ਮੌਕੇ ਦਿੱਲੀ ਕਮੇਟੀ ਦੇ ਅਹੁਦੇਦਾਰ, ਕੇਂਦਰੀ ਖੇਡ ਮੰਤਰੀ ਵਿਜੈ ਗੋਇਲ, ਬਿਕਰਮ ਸਿੰਘ ਮਜੀਠੀਆ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਵਾ ਦਰਜਨ ਕਮੇਟੀ ਮੈਂਬਰਾਂ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ।

Previous articleਬਾਬੇ ਨਾਨਕ ਦੇ ਪ੍ਰਕਾਸ਼ ਦਾ ਪੁਰਬ ਸ਼ੁਰੂ
Next articleਕਾਂਗਰਸ ਨੇ ਉੱਤਰ-ਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਇਆ: ਮੋਦੀ