ਮੋਦੀ ਕੋਲ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣਗੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਲੇ ਹਫ਼ਤੇ ਆਪਣੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਧਾਰਮਿਕ ਆਜ਼ਾਦੀ ਦਾ ਮੁੱਦਾ ਵੀ ਉਠਾਉਣਗੇ। ਵਾਈਟ ਹਾਊਸ ਤੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਭਾਰਤ ਦੀਆਂ ਲੋਕਤੰਤਰਿਕ ਰਵਾਇਤਾਂ ਤੇ ਸੰਸਥਾਵਾਂ ਦਾ ਬੇਹੱਦ ਸਨਮਾਨ ਕਰਦਾ ਹੈ, ਭਵਿੱਖ ਵਿਚ ਵੀ ਭਾਰਤ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦਾ ਮਾਣ ਬਰਕਰਾਰ ਰੱਖਣ ਲਈ ਉਤਸ਼ਾਹਿਤ ਕਰਦਾ ਰਹੇਗਾ। ਟਰੰਪ ਦੇ ਦੌਰੇ ਤੋਂ ਪਹਿਲਾਂ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਵੱਲੋਂ ਰੱਖੇ ‘ਤੱਥਾਂ’ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਨਾਲ ਭਾਰਤ ਵਿਚ ਧਾਰਮਿਕ ਆਜ਼ਾਦੀ ਨਿੱਘਰੀ ਹੈ। ਵਾਈਟ ਹਾਊਸ ਦੇ ਸੀਨੀਅਰ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੋਵਾਂ ਮੁਲਕਾਂ ਦੀਆਂ ਸਾਂਝੀਆਂ ਲੋਕਤੰਤਰਿਕ ਰਵਾਇਤਾਂ ਤੇ ਧਾਰਮਿਕ ਆਜ਼ਾਦੀ ਬਾਰੇ ਜਨਤਕ ਅਤੇ ਨਿੱਜੀ ਤੌਰ ’ਤੇ ਗੱਲ ਕਰਨਗੇ। ਉਹ ਜ਼ਰੂਰ ਇਨ੍ਹਾਂ ਮੁੱਦਿਆਂ ਨੂੰ ਉਠਾਉਣਗੇ। ਧਾਰਮਿਕ ਆਜ਼ਾਦੀ ਦਾ ਮੁੱਦਾ ਤਾਂ ਟਰੰਪ ਪ੍ਰਸ਼ਾਸਨ ਲਈ ਬੇਹੱਦ ਅਹਿਮ ਹੈ। ਅਧਿਕਾਰੀ ਨੂੰ ਸੀਏਏ ਤੇ ਐੱਨਆਰਸੀ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਕਾਨੂੰਨ ਦੇ ਰਾਜ ਨੂੰ ਉਤਾਂਹ ਰੱਖਦੇ ਹਨ ਤੇ ਅਤੇ ਹੋਰ ਕਈ ਕਦਰਾਂ-ਕੀਮਤਾਂ ਵੀ ਸਾਡੀਆਂ ਸਾਂਝੀਆਂ ਹਨ। ਇਸ ਲਈ ਸੀਏਏ ਨਾਲ ਉਪਜੀ ਸਥਿਤੀ ’ਤੇ ਅਮਰੀਕਾ ਲਗਾਤਾਰ ਨਜ਼ਰ ਰੱਖ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਸੰਸਾਰ ਵੀ ਇਹੀ ਚਾਹੁੰਦਾ ਹੈ ਕਿ ਭਾਰਤ ਪਹਿਲਾਂ ਵਾਂਗ ਧਾਰਮਿਕ ਘੱਟ ਗਿਣਤੀਆਂ ਲਈ ਆਦਰ ‘ਬਹਾਲ’ ਕਰੇ। ਇਹ ਤਾਂ ਭਾਰਤ ਦੇ ਸੰਵਿਧਾਨ ਵਿਚ ਹੈ ਤੇ ਟਰੰਪ ਇਸ ਬਾਰੇ ਲਾਜ਼ਮੀ ਗੱਲਬਾਤ ਕਰਨਗੇ। ਵਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਦੀ ਨੀਂਹ ਮਜ਼ਬੂਤ ਹੈ, ਇੱਥੇ ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਵਿਭਿੰਨਤਾ ਹੈ। ਇਸ ਤੋਂ ਇਲਾਵਾ ਸੰਸਾਰ ਦੇ ਚਾਰ ਵੱਡੇ ਧਰਮ ਇੱਥੋਂ ਉਪਜੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਜਿੱਤਣ ਤੋਂ ਬਾਅਦ ਪਹਿਲੇ ਭਾਸ਼ਨ ਵਿਚ ਵੀ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਪੱਧਰ ’ਤੇ ਹੱਲ ਕਰਨ ਦੀ ਗੱਲ ਕੀਤੀ ਸੀ।

Previous articleDeath-row convict’s anxiety, depression obvious: Court
Next articleਪੀਜੀ ਹਾਊਸ ’ਚ ਅੱਗ; ਤਿੰਨ ਲੜਕੀਆਂ ਦੀ ਮੌਤ