ਮੋਦੀ-ਅਮਿਤ ਸ਼ਾਹ ਦੀ ਜੋੜੀ ਖ਼ਿਲਾਫ਼ ਕੱਢੀ ਭੜਾਸ

ਧਨੌਲਾ- ਇੱਥੇ ਮੁਸਲਿਮ ਭਾਈਚਾਰੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਧਰਮ ਦੇ ਨਾਂ ’ਤੇ ਵੋਟਾਂ ਵਟੋਰਨ ਵਾਲੀ ਕਰਾਰ ਦਿੰਦਿਆਂ ਰੋਸ ਮਾਰਚ ਕੀਤਾ। ਬਾਜ਼ਾਰ ਵਿਚ ਮਾਰਚ ਕਰਨ ਤੋਂ ਬਾਅਦ ਬੱਸ ਅੱਡੇ ’ਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਦਰਸ਼ਨ ਸਿੰਘ ਭੈਣੀ ਮਹਿਰਾਜ ਅਤੇ ਕ੍ਰਿਸ਼ਨ ਸਿੰਘ ਛੰਨਾਂ ਨੇ ਕਿਹਾ ਕਿ ਸੀਏਏ, ਨਾਗਰਕਿਤਾ ਸੋਧ ਕਾਨੂੰਨ, ਐਨਆਰਸੀ ਵਰਗੇ ਕਾਲੇ ਕਾਨੂੰਨ ਮੋਦੀ ਸਰਕਾਰ ਦੀ ਮਾਨਸਿਕਤਾ ਦੀ ਸਪੱਸ਼ਟ ਤਸਵੀਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਨੂੰ ਦੇਸ਼ ਵਿਚ ਕਦਾਚਿਤ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਮੋਲਵੀ ਮੁਹੰਮਦ ਹਾਬੀਬ ਨੇ ਕਿਹਾ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਰਾਏ ਹੋ ਗਏ ਜਦੋਂਕਿ ਵੋਟਾਂ ਲੈਣ ਵੇਲੇ ਮੋਦੀ ਦੀ ਬੋਲੀ ਹੋਰ ਸੀ। ਉਨ੍ਹਾਂ ਮੰਗ ਕੀਤੀ ਕਿ ਕਾਲੇ ਕਾਨੂੰਨ ਰੱਦ ਕਰਨ ਦੇ ਨਾਲ-ਨਾਲ ਰੋਸ ਪ੍ਰਗਟਾ ਰਹੇ ਲੋਕਾਂ ਵਿਰੁੱਧ ਦਰਜ ਕੀਤੇ ਗਏ ਕੇਸ ਵੀ ਵਾਪਸ ਲਏ ਜਾਣ। ਇਸ ਮੌਕੇ ਮੁਸਲਿਮ ਕਮੇਟੀ ਧਨੌਲਾ ਦੇ ਪ੍ਰਧਾਨ ਮਿੱਠੂ ਖਾਂ, ਕੇਵਲ ਸਿੰਘ ਧਨੌਲਾ, ਮੱਖਣ ਹਰੀਗੜ੍ਹ, ਚੇਅਰਮੈਨ ਮਹੁੰਮਦ ਸਰੀਫ ਨੇ ਵੀ ਸੰਬੋਧਨ ਕੀਤਾ।

Previous articleਹਲਵਾਰਾ ਹਵਾਈ ਅੱਡੇ ਲਈ ਕਿਸਾਨਾਂ ਵੱਲੋਂ ਜ਼ਮੀਨ ਦੇਣ ਤੋਂ ਨਾਂਹ
Next articleਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਦੇ ਬੂਹੇ ਖੋਲ੍ਹਣੇ ਹੋਏ ਮੁਸ਼ਕਲ