ਮੋਗਾ ਸਕੱਤਰੇਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਵਾਲੇ ਦੋਵੇਂ ਮੁਲਜ਼ਮ ਦਿੱਲੀ ਪੁਲੀਸ ਵੱਲੋਂ ਕਾਬੂ

ਮੋਗਾ (ਸਮਾਜ ਵੀਕਲੀ) : ਇਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਨਾਮਜ਼ਦ ਦੋਵਾਂ ਮੁਲਜ਼ਮਾਂ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਕਾਬੂ ਕਰ ਲਿਆ ਹੈ। ਦਿੱਲੀ ਪੁਲੀਸ ਦੀ ਸੂਚਨਾ ਉੱਤੇ ਮੋਗਾ ਦੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਟੀਮ ਦੋਵਾਂ ਮੁਲਜ਼ਮਾਂ ਨੂੰ ਲਿਆਉਣ ਲਈ ਦਿਲੀ ਰਵਾਨਾ ਹੋ ਗਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨਾਮ ਦੀ ਹੱਕਦਾਰ ਦਿੱਲੀ ਪੁਲੀਸ ਹੋਵੇਗੀ ਜਾਂ ਸਥਾਨਕ ਇੱਕ ਪੁਲੀਸ ਅਧਿਕਾਰੀ?

ਐੱਸਪੀ(ਜਾਂਚ) ਜਗਤਪ੍ਰੀਤ ਸਿੰਘ ਨੇ ਦੋਵਾਂ ਮੁਲਜ਼ਮਾਂ ਜਸਪਾਲ ਸਿੰਘ ਉਰਫ਼ ਰਿੰਪਾ ਤੇ ਇੰਦਰਜੀਤ ਸਿੰਘ ਗਿੱਲ ਦੋਵੇਂ ਪਿੰਡ ਰੌਲੀ (ਮੋਗਾ) ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਝੰਡਾ ਝੁਲਾਉਣ ਦੀ ਵੀਡੀਓ ਬਣਾਉਣ ਵਾਲਾ ਸਥਾਨਕ ਆਈਟੀਆਈ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ (19) ਪਿੰਡ ਸਾਧੂਵਾਲਾ (ਜੀਰਾ) ਨੂੰ ਪੁਲੀਸ ਨੇ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ 27 ਅਗਸਤ ਨੂੰ ਉਸ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ। ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਜਸਪਾਲ ਸਿੰਘ ਉਰਫ਼ ਰਿੰਪਾਂ ਦਾ ਪਿਤਾ ਪੰਜਾਬ ਪੁਲੀਸ ਵਿੱਚ ਇੰਸਪੈਕਟਰ ਹੈ। ਪੁਲੀਸ ਮੁਤਾਬਕ ਦੋਵੇਂ ਮੁਲਜ਼ਮ ਪਿੰਡ ਰੌਲੀ ਵਿਖੇ ਇੰਟਰਨੈੱਟ ਤੇ ਫ਼ੋਟੋ ਸਟੇਟ ਸੇਵਾਵਾਂ ਦਾ ਕੰਮ ਕਰਦੇ ਸਨ।

ਵੀਡੀਓ ਬਣਾਉਣ ਵਾਲਾ ਅਕਾਸ਼ਦੀਪ ਸਿੰਘ ਤੇ ਰਿੰਪਾ ਮਾਮੇ-ਭੂਆ ਦੇ ਪੁੱਤ ਹਨ। ਦੋਵਾਂ ਮੁਲਜ਼ਮਾਂ ਨੇ 13 ਅਗਸਤ ਨੂੰ ਪਹਿਲਾਂ ਸਕੱਤਰੇਤ ਦੀ ਰੇਕੀ ਕੀਤੀ ਅਤੇ 14 ਅਗਸਤ ਨੂੰ ਝੰਡਾ ਝੁਲਾਉਣ ਮਗਰੋਂ ਅਕਾਸ਼ਦੀਪ ਨੇ ਵੀਡੀਓ ਮੁਲਜ਼ਮ ਰਿੰਪਾ ਨੂੰ ਸੌਪ ਦਿੱਤੀ। ਇਸ ਮਗਰੋਂ ਦੋਵੇਂ ਮੁਲਜ਼ਮ ਪਿੰਡ ਪੱਖੋਵਾਲ (ਲੁਧਿਆਣਾ) ਵਿਖੇ ਜੱਗਾ ਸਿੰਘ ਕੋਲ ਚਲੇ ਗਏ, ਜੋ ਮੁਲਜ਼ਮ ਇੰਦਰਜੀਤ ਗਿੱਲ ਦਾ ਰਿਸ਼ਤੇਦਾਰ ਹੈ। ਇਨ੍ਹਾਂ ਮੁਲਜ਼ਮਾਂ ਬਾਰੇ ਸੂਹ ਦੇਣ ਵਾਲੇ ਨੂੰ ਜ਼ਿਲ੍ਹਾ ਪੁਲੀਸ ਵੱਲੋਂ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਸੂਤਰਾਂ ਮੁਤਾਬਕ 16 ਅਗਸਤ ਨੂੰ ਮੋਗਾ ਦੇ ਇੱਕ ਪੁਲੀਸ ਅਫ਼ਸਰ ਨੇ ਇਨ੍ਹਾਂ ਮੁਲਜ਼ਮਾਂ ਦਾ ਪਤਾ ਲਗਾ ਕੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ।

ਮੁਲਜ਼ਮਾਂ ਦੀ ਸੂਹ ਮਿਲਣ ਮਗਰੋਂ ਐੱਸਐੱਸਪੀ ਹਰਮਨਬੀਰ ਗਿੱਲ ਨੇ ਐੱਸਪੀ ਜਗਤਪ੍ਰੀਤ ਸਿੰਘ ਤੇ ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੂੰ ਪੜਤਾਲ ਲਈ ਸਿਵਲ ਵਰਦੀ ’ਚ ਮੋਟਰਸਾਈਕਲ ਉੱਤੇ ਪਿੰਡ ਰੌਲੀ ਭੇਜਿਆ ਤਾਂ ਸ਼ੱਕ ਸੱਚਾਈ ’ਚ ਬਦਲ ਗਿਆ। ਪੁਲੀਸ ਨੇ ਛਾਪੇਮਾਰੀ ਕੀਤੀ ਤਾਂ ਵੀਡੀਓ ਬਣਾਉਣ ਵਾਲਾ ਵਿਦਿਆਰਥੀ ਅਕਾਸ਼ਦੀਪ ਥਿੜਕ ਗਿਆ ਅਤੇ ਖੁਦ ਪੁਲੀਸ ਅੱਗੇ ਪੇਸ਼ ਹੋ ਗਿਆ। ਦਿੱਲੀ ਪੁਲੀਸ ਦੇ ਵਿਸੇਸ਼ ਸੈੱਲ ਨੇ ਹੁਣ ਦੋਵਾਂ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਨਾਮ ਦੀ ਹੱਕਦਾਰ ਦਿੱਲੀ ਪੁਲੀਸ ਹੋਵੇਗੀ ਜਾਂ ਸਥਾਨਕ ਸੀਨੀਅਰ ਪੁਲੀਸ ਅਧਿਕਾਰੀ?

Previous articleਜਸਟਿਸ ਅਰੁਣ ਮਿਸ਼ਰਾ ਵੱਲੋਂ ਕੋਵਿਡ19 ਦੇ ਹਵਾਲੇ ਨਾਲ ਵਿਦਾਇਗੀ ਸਮਾਗਮ ਨੂੰ ਨਾਂਹ
Next articleਪਾਕਿਸਤਾਨ ਦਾ ਮੋਹਰਾ ਸੀ ਡੀਐੱਸਪੀ ਦਵਿੰਦਰ ਸਿੰਘ: ਐੱਨਆਈਏ