ਮੈਂ ਵੈਸਾਖੀ ਕਿਵੇਂ ਮਨਾਵਾਂ ?

Prof. S S Dhillon

(ਸਮਾਜ ਵੀਕਲੀ)

ਬੇਸ਼ੱਕ ਵੈਸਾਖੀ ਦਾ ਤਿਓਂਹਾਰ ਭਾਰਤ ‘ਚ ਵਸਦੇ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਵੱਲੋਂ ਕਈ ਸਦੀਆਂ ਤੋਂ ਮਨਾਇਆਂ ਜਾਂਦਾ ਹੈ ਤੇ ਇਸ ਦੇ ਮਨਾਏ ਜਾਣ ਦੇ ਬਹੁਤ ਸਾਰੇ ਕਾਰਨ ਰਹੇ ਹਨ । ਇਹ ਤਿਓਂਹਾਰ ਜਿੱਥੇ ਸਰਦ ਤੋਂ ਗਰਮ ਮੌਸਮ ਦੇ ਬਦਲਾਵ ਦਾ ਸੂਚਿਕ ਮੰਨਿਆ ਜਾਂਦਾ ਹੈ, ਉੱਥੇ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਜਾਣ ਦਾ ਸੂਚਿਕ ਵੀ ਹੈ । ਇਸੇ ਤਰਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਲੋਕ ਆਪਣੀ ਮੰਗਲ ਕਾਮਨਾ ਵਾਸਤੇ ਇਸ ਤਿਓਹਾਰ ਵਾਲੇ ਦਿਨ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਪੂਜਾ ਅਰਚਨਾ ਵੀ ਕਰਦੇ ਹਨ, ਪਰ ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ, ਇਹ ਤਿਓਂਹਾਰ ਪੰਜਾਬੀਆਂ ਵਾਸਤੇ ਜਿੱਥੇ ਖੁਸ਼ੀ ਤੇ ਹੁਲਾਸ ਦਾ ਤਿਓਂਹਾਰ ਹੈ, ਉੱਥੇ ਖਾਲਸੇ ਦਾ ਸਾਜਨਾਂ ਦਿਵਸ ਹੋਣ ਦੇ ਨਾਲ ਨਾਲ ਹੀ ਪੰਜਾਬੀਆਂ ‘ਤੇ ਝੁਲੇ ਖੂਨੀ ਕਾਂਡਾਂ ਦਾ ਵੀ ਗਵਾਹ ਹੈ ।

13 ਅਪ੍ਰੈਲ 1699 ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਨੇ ਜੇਕਰ ਖਾਲਸਾ ਪੰਥ ਦੀ ਸਾਜਨਾਂ ਕੀਤੀ ਤਾਂ ਇਸ ਦਾ ਬਹੁਤ ਵੱਡਾ ਕਾਰਨ ਸੀ । ਜਰਾ ਪਿਛੋਕੜ ਚ ਝਾਤੀ ਮਾਰਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਵਾਸੀਆਂ ‘ਤੇ ਖੂਨੀ ਹਨੇਰੀਆਂ ਮੁਢਕੁਦੀਮੋਂ ਹਮੇਸ਼ਾ ਹੀ ਚੱਲਦੀਆਂ ਰਹੀਆਂ ਹਨ ਜਿਹਨਾ ਨੂੰ ਠੱਲ੍ਹ ਪਾਉਣ ਵਾਸਤੇ ਸ਼ੇਰਾਂ ਦੀ ਕੌਮ ਦੀ ਸਾਜਨਾਂ ਕੀਤੀ ਜਾਣੀ ਉਸ ਵੇਲੇ ਸਮੇਂ ਦੀ ਮੰਗ ਸੀ ਤੇ ਗੁਰੂ ਸਾਹਿਬ ਨੇ ਸਿੱਖ ਧਰਮ ਦੀ ਬੁਨਿਆਦ ਆਪਣਾ ਸਰਬੰਸ ਵਾਰ ਕੇ ਬੰਨ੍ਹੀ ਤੇ ਮਜ਼ਲੂਮ ਹੋ ਚੁੱਕੀ ਕੌਮ ਚ ਨਵੀਂ ਰੂਹ ਫੂਕੀ, ਚਿੜੀਆਂ ਤੋਂ ਬਾਜ ਤੁੜਾਉਣ ਦੀ ਜੁਗਤੀ ਸਿਖਾ ਕੇ ਡਾਢੇ ਜਾਲਮ ਨਾਲ ਲੋਹਾ ਲੈ ਕੇ ਹੱਕਾਂ ਦੀ ਰਾਖੀ ਕਰਨ ਦਾ ਬੱਲ ਸਿਖਾਇਆ, ਪਰ ਹੋਣੀ ਦੇਖੋ ਕਿ ਸਿੱਖ ਧਰਮ ਅੱਜ ਫੇਰ ਬਿਪਰਵਾਦ ਦਾ ਸ਼ਿਕਾਰ ਹੈ, ਜਿਹਨਾ ਨੂੰ ਗੁਰੂ ਸਾਹਿਬ ਨੇ ਸ਼ੇਰ ਦਾ ਦਰਜਾ ਦਿੱਤਾ ਸੀ, ਉਹਨਾਂ ਦੀ ਬਹੁ ਗਿਣਤੀ ਅੱਜ ਭੇਡਾਂ ਨਾਲ਼ੋਂ ਵੀ ਮਾੜੀ ਹਾਲਤ ਚ ਹੈ । ਸਿੱਖ ਧਰਮ ਦੇ ਸਾਂਝੀਵਾਲਤਾ ਦੇ ਸਿਧਾਂਤ ਤੋਂ ਨਾਬਰ ਹੋ ਕੇ ਬਹੁਤੇ ਸਿੱਖ ਫਿਰਕਾਪ੍ਰਸਤੀ, ਆਪਸੀ ਫੁੱਟ ਤੇ ਡੇਰਾਵਾਦ ਦੇ ਸ਼ਿਕਾਰ ਹਨ । ਗਹਿਰੀ ਚਿੰਤਾ ਤੇ ਸੋਚਣ ਦਾ ਵਿਸ਼ਾ ਹੈ, ਸਮਝ ਨਹੀਂ ਆਉਂਦੀ ਕਿ ਸਿੱਖ ਵੈਸਾਖੀ ਦਾ ਤਿਓਂਹਾਰ ਆਪਣੇ ਗੁਰੂ ਦੇ ਫ਼ਲਸਫ਼ੇ ਤੋਂ ਭਗੌੜੇ ਹੋ ਕੇ ਕਿਹੜੇ ਮੂੰਹ ਨਾਲ ਮਨਾ ਰਹੇ ਹਨ !! ਜੇਕਰ ਗੁਰੂ ਦੇ ਫ਼ਲਸਫ਼ੇ ‘ਤੇ ਅਮਲ ਨਹੀਂ ਕਰਨਾ ਤਾਂ ਫੇਰ ਮੇਰੀ ਜਾਚੇ ਅਜਿਹੇ ਤਿਓਂਹਾਰ ਮਨਾਉਣ ਦੀ ਕੋਈ ਤੁੱਕ ਬਾਕੀ ਨਹੀਂ ਰਹਿ ਜਾਂਦੀ ਤੇ ਜੇਕਰ ਫੇਰ ਵੀ ਮਨਾਏ ਜਾਂਦੇ ਹਨ ਤਾਂ ਅਜਿਹੇ ਤਿਓਂਹਾਰ ਨੂੰ ਫੋਕਟ ਦੇ ਕਰਮ ਕਾਂਡਾਂ ਤੋਂ ਕਿਸੇ ਵੀ ਤਰਾਂ ਨਿਖੇੜਕੇ ਨਹੀਂ ਦੇਖਿਆ ਜਾ ਸਕਦਾ ।

ਅਗਲੀ ਗੱਲ ਇਹ ਹੈ ਕਿ ਇਸ ਵੈਸਾਖੀ ਵਾਲੇ ਦਿਨ ਨੇ ਪੰਜਾਬੀ ਭਾਈਚਾਰੇ ਨੂੰ ਉਹ ਜ਼ਖ਼ਮ ਦਿੱਤੇ ਹਨ ਜੋ ਨਾਸੂਰ ਬਣ ਚੁੱਕੇ ਹਨ ਤੇ ਜਿਹਨਾਂ ਨੇ ਹਮੇਸ਼ਾ ਹੀ ਰੁੱਸਦੇ ਰਹਿਣਾ ਹੈ । ਇਸੇ ਦਿਨ 1919 ਅੰਮਿ੍ਰਤਸਰ ਦੇ ਜਲਿ੍ਹਆਂ ਵਾਲਾ ਬਾਗ਼ ਚ ਅੰਗਰੇਜ਼ ਸਾਮਰਾਜ ਨੇ ਖੂਨੀ ਸਾਕਾ ਵਰਤਾਇਆ । ਸ਼ਾਤਮਈ ਰੋਸ ਪ੍ਰਗਟ ਕਰ ਰਹੇ ਪੰਜਾਬੀਆਂ ‘ਤੇ ਬਿਨਾ ਕਿਸੇ ਚੇਤਾਵਨੀ ਤੋਂ ਜਨਰਲ ਡਾਇਰ ਨੇ ਗੋਰਖਾ ਰਜਮੈਂਟ ਦੇ 50 ਸਿਪਾਹੀਆਂ ਰਾਹੀਂ ਅੰਨ੍ਹੇਵਾਹ ਗੋਲੀਬਾਰੀ ਕਰਵਾ ਕੇ ਸੈਂਕੜੇ ਨਿਹੱਥਿਆਂ ਤੇ ਬੇਕਸੂਰਾਂ ਦੇ ਖੂਨ ਦੀ ਹੋਲੀ ਖੇਡੀ । ਅੰਗਰੇਜ਼ਾਂ ਦਾ ਇਹ ਕਾਲਾ ਸਿਆਹ ਕਾਂਡ ਪੰਜਾਬੀ ਕਦੇ ਵੀ ਨਹੀਂ ਭੁੱਲ ਸਕਦੇ ਬੇਸ਼ੱਕ ਸ਼ਹੀਦ ਊਧਮ ਸਿੰਘ ਸੁਨਾਮ ਨੇ ਇੱਕੀ ਸਾਲ ਬਾਦ 1940 ਨੂੰ ਜਨਰਲ ਡਾਇਰ ਨੂੰ ਇੰਗਲੈਂਡ ਦੇ ਕੈਕਸਟਨ ਹਾਲ ਚ ਮਾਰਕੇ ਇਸ ਖੂਨੀ ਕਾਂਡ ਦਾ ਬਦਲਾ ਵੀ ਲੈ ਲਿਆ ਸੀ ਪਰ ਫੇਰ ਵੀ ਅੰਗਰੇਜ਼ਾਂ ਦੇ ਗੋਰੇ ਚਿਹਰੇ ‘ਤੇ ਇਹ ਸਿਆਹ ਕਲੰਕ ਜਿੱਥੇ ਤਾਰੀਖ਼ ਦਾ ਹਿੱਸਾ ਬਣ ਚੁੱਕਾ ਹੈ ਉੱਥੇ ਪੰਜਾਬੀਆਂ ਦੇ ਸੀਨੇ ਚ ਹਮੇਸ਼ਾ ਲਈ ਟਸਕ ਰਿਹਾ ਹੈ ਤੇ ਟਸਕਦਾ ਰਹੇਗਾ ।

ਇਸੇ ਦਿਨ 1978 ਚ ਅੰਮਿ੍ਰਤਸਰ ਵਿਖੇ ਨਿਰੰਕਾਰੀ ਕਾਂਡ ਹੋਇਆ ਜਿਸ ਵਿੱਚ ਦਰਜਨ ਦੇ ਲਗਭਗ ਸਿੱਖ ਹਰਮੰਦਿਰ ਸਾਹਿਬ ਦੇ ਬਿਲਕੁਲ ਨੇੜੇ ਮਾਰੇ ਗਏ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲੱਗਾ ਜਿਸ ਤੋਂ ਬਾਦ ਇਸੇ ਦਿਨ 1980 ਵਿੱਚ ਅਨੰਦਪੁਰ ਸਾਹਿਬ ਦਾ ਮੋਰਚਾ ਸ਼ੁਰੂ ਕੀਤਾ ਗਿਆ ਜੋ ਜੇਹਲ ਭਰੋ ਅੰਦੋਲਨ ਚੋ ਵਿਚਰਦਾ ਹੋਇਆ, ਮਰਜੀਵੜਿਆਂ ਦੀ ਫੌਜ ਤਿਆਰ ਕਰਨ ਤੱਕ ਪਹੁੰਚਿਆ ਤੇ ਫਿਰ 1984 ਦੇ ਹਰਿਮੰਦਰ ਸਾਹਿਬ ਘਲੂਘਾਰੇ ਤੋਂ ਹੁੰਦਾ ਹੋਇਆ ਇੰਦਰਾਗਾਧੀ ਦੀ ਹੱਤਿਆ ਤੋਂ ਬਾਦ ਦੇਸ਼ ਵਿਚ ਸਿੱਖਾਂ ਦੇ ਦਿੱਲੀ ਤੇ ਮੁਲਖ ਦੇ ਹੋਰ ਹਿਸਿਆਂ ਚ ਹੋਏ ਕਤਲੇਆਮ ਰੂਪੀ ਨਸਲਕੁਸ਼ੀ ਤੱਕ ਪਹੁੰਚਿਆ । ਇਸ ਤੋਂ ਵੀ ਅੱਗੇ 1980 ਤੇ 1990 ਦੇ ਦਹਾਕੇ ਦਰਮਿਆਨ ਪੰਜਾਬ ਦੀ ਜਵਾਨੀ ਦਾ ਘਾਣ ਫਰਜੀ ਪੁਲਿਸ ਮੁਕਾਬਲਿਆਂ ਰਾਹੀਂ ਕੀਤਾ ਗਿਆ ।

ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਵੈਸਾਖੀ ਕਿਵੇਂ ਮਨਾਵਾਂ ? ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਹੈ । ਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਅਬਾਦੀ ਚ 60 ਲੱਖ ਪੜਿ੍ਹਆ ਲਿਖਿਆ ਨੌਜਵਾਨ ਵਰਗ ਬੇਕਾਰ ਘੁੰਮ ਰਿਹਾ ਹੈ, ਕਿਸਾਨ ਕਰਜ਼ੇ ਹੇਠ ਦਬਕੇ ਖੁਦਕਸ਼ੀਆ ਕਰ ਰਹੇ ਹਨ, ਕਿਰਤੀ ਤੇ ਮੁਲਾਜ਼ਮ ਆਪਣੇ ਹੱਕਾਂ ਦੀ ਪਰਾਪਤੀ ਵਾਸਤੇ ਧਰਨੇ ਤੇ ਮੁਜ਼ਾਹਰੇ ਕਰਨ ਵਾਸਤੇ ਮਜਬੂਰ ਹਨ, ਔਰਤਾਂ ਬੇਪਤੀ ਤੇ ਬਲਾਤਕਾਰੀ ਦਾ ਸ਼ਿਕਾਰ ਹਨ, ਕੰਨਿਆ ਭਰੂਣ ਹੱਤਿਆ ਆਪਣੀ ਚਰਮ ਸ਼ਿਖਰ ‘ਤੇ ਹੈ, ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਇਕ ਲੱਖ ਰੁਪਏ ਦਾ ਕਰਜਈ ਹੋ ਕੇ ਜੰਮ ਰਿਹਾ ਹੈ, ਪੰਜਾਬ ਵਿੱਚੋਂ ਸਨਅਤ ਦਾ ਭੋਗ ਪੈ ਚੁੱਕਾ ਹੈ, ਦਰਿਆਈ ਪਾਣੀਆਂ ‘ਤੇ ਡਾਕਾ ਵੱਜ ਚੁੱਕਾ ਹੈ ਤੇ ਬਾਕੀ ਬਚਦੇ ਪਾਣੀਆਂ ਚ ਬੜੀ ਡੂੰਘੀ ਸਾਜਿਸ ਤਹਿਤ ਰਸਾਇਣਿਕ ਜ਼ਹਿਰ ਘੋਲਿਆ ਜਾ ਰਿਹਾ ਹੈ, ਜ਼ਮੀਨਦੋਜ਼ ਪਾਣੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਸਰਕਾਰੀ ਸਕੂਲਾਂ ਦੀ ਧੜਾਧੜ ਤਾਲਾਬੰਦੀ, ਮਾਂ ਬੋਲੀ ਦੀ ਦੁਰਦਸ਼ਾ, ਗੱਲ ਕੀ ਜ਼ਿਧਰ ਵੀ ਨਜ਼ਰ ਮਾਰਦਾ ਹਾਂ ਕਿਧਰੇ ਵੀ ਸਭ ਚੰਗਾ ਨਜ਼ਰ ਨਹੀਂ ਆਉੰਦਾ ਸਗੋਂ ਹਰ ਪਾਸੇ ਹਨੇਰਾ ਤੇ ਹਨੇਰ ਗਰਦੀ ਹੀ ਨਜ਼ਰ ਆਉਂਦੀ ਹੈ ।

ਮੈਂ ਵੈਸਾਖੀ ਕਿਵੇਂ ਮਨਾਵਾਂ ? ਮੇਰਾ ਪੰਜਾਬੀ ਭਾਈਚਾਰਾ ਗ਼ੁਰਬਤ ਦਾ ਸ਼ਿਕਾਰ ਹੈ, ਨੌਜਵਾਨ ਫਰਸਟਰੇਟਡ ਹੋ ਕੇ ਨਸ਼ਿਆਂ ਦੀ ਦਲ ਦਲ ਚ ਫਸ ਚੁੱਕੇ ਹਨ, ਬੀਮਾਰੀਆਂ ਦੀ ਮਹਾਮਾਰੀ ਫੈਲ ਚੁੱਕੀ ਹੈ, ਰੋਜ਼ਾਨਾ ਕੈਂਸਰ ਦੇ ਮਰੀਜ਼ਾਂ ਦੀ ਰੇਲ ਭਰਕੇ ਰਾਜਸਥਾਨ ਇਲਾਜ ਵਾਸਤੇ ਜਾ ਰਹੀ ਹੈ, ਦਫ਼ਤਰਾਂ ਚ ਭਿ੍ਰਸਟਾਚਾਰ ਦਾ ਬੋਲਬਾਲਾ ਹੈ, ਲੋਕਾਂ ਦੇ ਚੁਣੇ ਸੇਵਕ ਲੱਠਮਾਰ ਬਣੇ ਹੋਏ ਹਨ, ਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਭੂ ਮਾਫੀਏ ਨੇ ਇਹਨਾ ਦੀ ਨਿਗਰਾਨੀ ਹੇਠ ਲੋਕਾਂ ਦਾ ਜੀਣਾ ਦੁਭਰ ਕੀਤਾ ਹੋਇਆ ਹੈ ।

ਮੈਂ ਵੈਸਾਖੀ ਕਿਵੇਂ ਮਨਾਵਾਂ ? ਮੇਰੇ ਭਾਈਚਾਰੇ ਨੂੰ ਤਾਂ ਅੱਜ ਵੀ ਚਾਰੇ ਪਾਸੇ ਜਨਰਲ ਡਾਇਰ, ਅਡਵਾਇਰ, ਗਿੱਲ ਤੇ ਰਿਬੇਰੋ ਘੁੰਮਦੇ ਤੇ ਦੰਨ ਦਨਾਉਂਦੇ ਹੋਏ ਦਹਿਸ਼ਤ ਦਾ ਤਾਂਡਵ ਮਚਾ ਰਹੇ ਨਜ਼ਰ ਆ ਰਹੇ ਹਨ । ਇਹ ਵੱਖਰੀ ਗੱਲ ਹੈ ਅੱਜ ਉਹਨਾਂ ਦੇ ਚੇਹਰੇ ਬਦਲੇ ਹੋਏ ਹਨ । ਪਹਿਲਾਂ ਧਾੜਵੀ ਤੇ ਲੁਟੇਰੇ ਬਾਹਰੋਂ ਆਉਂਦੇ ਸਨ ਪਰ ਹੁਣ ਬੁੱਕਲ਼ ਦੇ ਸੱਪ ਬਣੇ ਹੋਏ ਨੇ ।

ਹਾਂ ! ਮੈਨੂੰ ਯਾਦ ਹੈ ਕਿ ਅੱਜ ਜਲਿਆ ਵਾਲੇ ਬਾਗ਼ ਦੇ ਖੂਨੀ ਕਾਂਡ ਦਾ 102 ਸਾਲ ਪੂਰਾ ਹੋ ਗਿਆ ਹੈ, ਪਰ ਬਦਲਿਆ ਕੁੱਝ ਵੀ ਨਹੀਂ । 102 ਸਾਲ ਪਹਿਲਾਂ ਉੱਥੇ ਨਿਰਦੋਸ਼ਿਆ ਨੂੰ ਅਕਾਰਨੇ ਗੋਲੀ ਨਾਲ ਭੁੰਨ ਦਿੱਤਾ ਗਿਆ ਸੀ ਤੇ ਹੁਣ ਹਾਲਾਤ ਹੀ ਅਜਿਹੇ ਬਣਾ ਦਿੱਤੇ ਗਏ ਨੇ ਕਿ ਪੰਜਾਬੀਆਂ ਨੂੰ ਜੀਊੰਦਿਆ ਨੂੰ ਹੀ ਮਰਿਆਂ ਨਾਲ਼ੋਂ ਬਦਤਰ ਕਰ ਦਿੱਤਾ ਗਿਆ ਹੈ । ਮਰਨ ਵਾਲਾ ਤਾਂ ਦੁਨੀਆ ਦੀਆ ਬਹੁਤ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਜਾਂਦਾ ਹੋਵੇਗਾ ਪਰ ਜਿਸ ਜ਼ਿੱਲਤ ਭਰੀ ਜ਼ਿੰਦਗੀ ਜੀਊਣ ਵਾਸਤੇ ਪੰਜਾਬੀ ਮਜਬੂਰ ਕਰ ਦਿੱਤੇ ਗਏ ਹਨ, ਇਹ ਨਿਸਚੈ ਹੀ ਮੇਰੇ ਵਾਸਤੇ ਵੈਸਾਖੀ ਦਾ ਤਿਓਂਹਾਰ ਮਨਾਉਂਣ ਨਾਲ਼ੋਂ ਵਧੇਰੇ ਗੰਭੀਰ ਚਿੰਤਾ ਦੀ ਵਿਸ਼ਾ ਹੈ ।

ਕਰੋਨਾ ਨਾਮ ਦਾ ਇਕ ਛੋਟਾ ਕੀਟਾਣੂ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਰਿਹਾ ਹੈ । ਹਰ ਹਿਰਦੇ ਚ ਡਰ ਸਹਿਮ ਤੇ ਖ਼ੌਫ਼ ਹੈ । ਦੁਨੀਆ ਵਿੱਚ ਬਹੁਤ ਸਾਰਾ ਜਾਨੀ ਨੁਕਸਾਨ ਹੋ ਚੁੱਕਾ ਹੈ ਤੇ ਇਹ ਸਿਲਸਿਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ, ਲੌਕ ਡਾਊਨ ਤੇ ਕਰਫਿਊ ਕਾਰਨ ਲੋਕਾਂ ਦੀ ਪਰਿਵਾਰਕ ਤੇ ਸਮਾਜਿਕ ਜੀਵਨ ਬਿਖਰ ਕੇ ਰਹਿ ਗਿਆ ਹੈ, ਕੰਮ-ਕਾਜੀ ਅਦਾਰੇ ਬੰਦ ਹਨ, ਆਮਦਨ ਚ ਖੜੋਤ ਹੈ,ਹਰ ਪਾਸੇ ਆਰਥਿਕ ਮੰਦੀ ਹੈ । ਇਸ ਤਰਾਂ ਦੇ ਡਰਾਉਣੇ ਮਾਹੌਲ ਵਿੱਚ ਕਿਸੇ ਚਿਹਰੇ ‘ਤੇ ਰੌਣਕ ਭਲਾ ਕਿਵੇਂ ਆ ਸਕਦੀ ਹੈ ? ਮੌਤ ਦੇ ਲਾਏ ਵਿੱਚੋਂ ਵਿਚਰਦੇ ਹੋਏ ਕਦੇ ਵੀ ਅਜਿਹਾ ਹੋ ਹੀ ਨਹੀਂ ਸਕਦਾ, ਚਿੰਤਾ, ਗ਼ਮ ਤੇ ਡਰ ਚ ਸੁਰ ਵੀ ਸ਼ੋਰ ਬਣ ਜਾਂਦਾ ਹੈ, ਸੰਗੀਤ ਵੀ ਕੂਕਰੌਲਾ ਬਣ ਜਾਂਦਾ ਹੈ ਤੇ ਅਜਿਹੇ ਮੌਕਿਆ ਉੱਤੇ ਜਾਨ ਦਾ ਬਚਾ ਹੀ ਪਹਿਲੀ ਤੇ ਆਖਰੀ ਚੋਣ ਜਾਂਦਾ ਹੈ ।

ਸੋ ਮੈਂ ਇਸ ਵਾਰ ਵੈਸਾਖੀ ਕਿਵੇਂ ਮਨਾਵਾਂ … ਮੈਂ ਸਿਰਫ ਜਲਿਆਂ ਵਾਲੇ ਬਾਗ਼ ਦੇ ਖੂਨੀ ਕਾਂਡ ਦੇ 102 ਸਾਲਾ ਵਰ੍ਹੇਗੰਢ ਦੇ ਮੌਕੇ ‘ਤੇ ਨਿਹੱਥੇ ਮਾਰੇ ਗਏ ਪੰਜਾਬੀਆਂ ਦਾ ਮਾਤਮ ਮਨਾਵਾਂਗਾ, ਉਹਨਾਂ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਂਟ ਕਰਾਂਗਾ, ਕਰੋਨਾ ਕੀਟਾਣੂ ਤੋਂ ਸਭ ਦੀ ਮੁਕਤੀ ਤੇ ਤੰਦਰੁਸਤੀ ਦੀ ਕਾਮਨਾ ਕਰਦਾ ਹੋਇਆ ਸਮੁੱਚੇ ਪੰਜਾਬੀਆਂ ਦੇ ਅਤੇ ਸੰਸਾਰ ਵਾਸੀਆਂ ਦੇ ਭਲੇ ਲਈ ਅਰਦਾਸ ਕਰਾਂਗਾ, ਕਿਸਾਨ ਅੰਦੋਲਨ ਦੀ ਫ਼ਤਿਹ ਲਈ ਤਹਿ ਦਿਲੋਂ ਅਰਦਾਸ ਕਰਾਂਗਾ ਤੇ ਪੰਜਾਬ ਦੇ ਚੰਗੇ ਦਿਨ ਪਰਤ ਆਉਣ ਅਤੇ ਮਨੁੱਖੀ ਜੀਵਨ ਦੇ ਵਾਪਸ ਰਵਾਂ-ਰਵੀਂ ਹੋ ਜਾਣ ਦੀ ਇੰਤਜ਼ਾਰ ਕਰਨ ਦੇ ਨਾਲ ਨਾਲ ਹੀ ਪੰਜਾਬੀਆਂ ਨੂੰ ਆਪਣੇ ਹੱਕਾਂ ਹਿੱਤਾਂ ਦੀ ਪ੍ਰਾਪਤੀ ਵਾਸਤੇ ਜਾਗਣ ਦਾ ਹੋਕਾ ਦੇਣ ਦਾ ਪ੍ਰਣ ਕਰਾਂਗਾ । ਆਮੀਨ

– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)

Previous articleਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਸੰਸਥਾ ਵੱਲੋਂ ਪਿੰਡ ਸੈਣੀ ਮਾਜਰਾ ਵਿਖੇ ਖੋਲ੍ਹਿਆ ਗਿਆ ਸਟੱਡੀ ਸੈਂਟਰ
Next articleBat fearlessly like Hooda: KL Rahul to teammates