ਮੇਰੀਆਂ ਸਹੇਲੀਆਂ

ਮਾਸਟਰ ਸੰਜੀਵ ਧਰਮਾਣੀ .

(ਸਮਾਜ ਵੀਕਲੀ)

ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ ,
ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ ।
ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ ,
ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ ।
ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ,
ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ ।
ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ ,
ਤਾਂ ਪੁਸਤਕਾਂ ਪ੍ਰਦਾਨ ਕਰਦੀਆਂ ਨੇ ਸੁਵਿਧਾ ਮੈਨੂੰ ।
ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ ,
ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ ।
ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ ,
ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ ।
ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ ,
ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ।
ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ ,
ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ।
ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ ,
ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ।
ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ ,
ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ;
ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ।
ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ ,
ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ ,
ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ।
ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ?
ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ?
ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ ,
ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ।
ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ,
ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ।
ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ ,
“ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” ,
ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ;
ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ ।
ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ।
ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ?
ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ;
ਕਿਉਂਕਿ………………………………..।

– ਮਾਸਟਰ ਸੰਜੀਵ ਧਰਮਾਣੀ .

ਸ੍ਰੀ ਅਨੰਦਪੁਰ ਸਾਹਿਬ .
9478561356 .

Previous articleRicky Sherpuri’s Poetry is Emotions of Heart
Next articleਪਿਆਰ ਲੋਚਦੇ ਬਜ਼ੁਰਗ