ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ: ਨਵਜੋਤ ਕੌਰ ਸਿੱਧੂ

ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਆਖਿਆ ਹੈ ਕਿ ਉਹ ਹੁਣ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਅਤੇ ਸਿਰਫ਼ ਸਮਾਜ ਸੇਵਿਕਾ ਵਜੋਂ ਲੋਕਾਂ ਦੀ ਸੇਵਾ ਕਰਨਗੇ। ਇਹ ਗੱਲ ਉਨ੍ਹਾਂ ਨੇ ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 21 ਵੇਰਕਾ ਵਿਚ ਟਿਊਬਵੈੱਲ ਦਾ ਉਦਘਾਟਨ ਮੌਕੇ ਕਹੀ।
ਡਾ. ਸਿੱਧੂ ਨੇ ਲੋਕ ਸਭਾ ਚੋਣਾਂ ਵੇਲੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਦਾਅਵਾ ਪੇਸ਼ ਕੀਤਾ ਸੀ। ਅੱਜ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸ ਦਾ ਨਾਂ ਲਏ ਬਿਨਾਂ ਆਖਿਆ ਕਿ ਉਹ ਹੁਣ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹਨ ਅਤੇ ਸਿਰਫ਼ ਸਮਾਜ ਸੇਵਾ ਕਰਨਗੇ। ਸ੍ਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਮਤਭੇਦਾਂ ਮਗਰੋਂ ਸਿੱਧੂ ਜੋੜਾ ਇਕੱਲਾ ਪੈ ਗਿਆ ਹੈ। ਸ੍ਰੀ ਸਿੱਧੂ ਵੀ ਮੀਡੀਆ ਅਤੇ ਸਰਗਰਮ ਸਿਆਸਤ ਤੋਂ ਦੂਰ ਹਨ।
ਡਾ. ਸਿੱਧੂ ਨੇ ਆਖਿਆ ਕਿ ਵੇਰਕਾ ਹਲਕੇ ਵਿਚ ਲੋਕਾਂ ਨੂੰ ਦਰਪੇਸ਼ ਪਾਣੀ ਦੀ ਕਮੀ ਦੇ ਮੱਦੇਨਜ਼ਰ ਅੱਜ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ। ਇੱਥੇ ਪਹਿਲਾਂ ਹੀ ਦੋ ਟਿਊਬਵੈੱਲ ਹਨ ਅਤੇ ਇਸ ਨਵੇਂ ਟਿਊਬਵੈੱਲ ਦੀ ਸਥਾਪਨਾ ਨਾਲ ਲੋਕਾਂ ਦੀ ਪਾਣੀ ਦੀ ਕਮੀ ਪੂਰੀ ਹੋ ਜਾਵੇਗੀ। ਕੈਪਟਨ ਅਤੇ ਸਿੱਧੂ ਵਿਚਾਲੇ ਮੱਤਭੇਦਾਂ ਬਾਰੇ ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਿਤਾ ਦਾ ਦਰਜਾ ਦਿੱਤਾ ਪਰ ਕਾਂਗਰਸੀਆਂ ਵਲੋਂ ਗ਼ਲਤ ਫਹਿਮੀ ਪੈਦਾ ਕਰ ਦਿੱਤੀ ਗਈ, ਜਿਸ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਦੇ ਮਨ ਵਿਚ ਕਿਸੇ ਪ੍ਰਤੀ ਮੈਲ ਨਹੀਂ ਹੈ।
ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਵਿਚ ਸ੍ਰੀ ਸਿੱਧੂ ਦਾ ਨਾਂ ਗ਼ੈਰਹਾਜ਼ਰ ਰਹਿਣ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਠੀਕ ਕਰਨ ਵਾਸਤੇ ਹੀ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿੱਤਾ ਸੀ। ਸ੍ਰੀ ਸਿੱਧੂ ਦਾ ਨਾਂ ਇਸ ਮਾਮਲੇ ਵਿਚ ਮਨਫੀ ਕੀਤੇ ਜਾਣ ’ਤੇ ਕੋਈ ਮਲਾਲ ਨਹੀਂ ਹੈ ਇਸ ਮੌਕੇ ਕੌਂਸਲਰ ਪਰਵਿੰਦਰ ਕੌਰ, ਮਾਸਟਰ ਹਰਪਾਲ ਸਿੰਘ ਤੇ ਗਿਰੀਸ਼ ਸ਼ਰਮਾ ਹਾਜ਼ਰ ਸਨ।

Previous articleਪ੍ਰਦੂਸ਼ਣ ਘਟਾਉਣ ਲਈ ਪੰਚਾਇਤਾਂ ਅੱਗੇ ਆਈਆਂ
Next articleਪੀਐੱਮਸੀ ਕੇਸ: ਐੱਚਡੀਆਈਐੱਲ ਪ੍ਰਮੋਟਰਾਂ ਦੀ ਹਿਰਾਸਤ ਵਧੀ