ਮੇਅਰ ਵੱਲੋਂ ਡੰਪਿੰਗ ਗਰਾਊਂਡ ਦਾ ਜਾਇਜ਼ਾ

ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਅਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅੱਜ ਇਥੇ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ ਅਤੇ ਕੂੜੇ ਦੇ ਨਿਪਟਾਰੇ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸੇ ਦੌਰਾਨ ਮੇਅਰ ਨੇ ਗਾਰਬੇਜ ਪ੍ਰਾਸੈਸਿੰਗ ਪਲਾਂਟ ਦਾ ਵੀ ਨਿਰੀਖਣ ਕੀਤਾ। ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਮੇਅਰ ਨੂੰ ਇਸ ਪਲਾਂਟ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 25 ਏਕੜ ਵਿੱਚ ਫੈਲੇ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਢੇਰ ਨੂੰ ਹਟਾਉਣ ਲਈ ਨਗਰ ਨਿਗਮ ਵੱਲੋਂ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਇਸ ਕੰਪਨੀ ਵਲੋਂ ਕੂੜੇ ਨੂੰ ਵਿਗਿਆਨਿਕ ਤੌਰ ਤਰੀਕਿਆਂ ਨਾਲ ਇਥੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮੇਅਰ ਨੂੰ ਦੱਸਿਆ ਕਿ ਡੰਪਿੰਗ ਗਰਾਊਂਡ ਦੇ ਕੂੜੇ ਨੂੰ ਵਿਗਿਆਨਿਕ ਢੰਗ ਨਾਲ ਵੱਖਰਾ ਕੀਤਾ ਜਾਂਦਾ ਹੈ ਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ ਵੱਖ ਤੌਰ ’ਤੇ ਪ੍ਰਾਸੈਸ ਕੀਤਾ ਜਾਵੇਗਾ ਤਾਂ ਕਿ ਵਾਤਾਰਵਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਥੋਂ ਪੰਜ ਲੱਖ ਟਨ ਕੂੜੇ ਨੂੰ ਵਿਗਿਆਨਕ ਢੰਗ ਨਾਲ ਪ੍ਰਾਸੈਸ ਕੀਤਾ ਜਾਵੇਗਾ। ਨਿਗਮ ਦੀ ਟੀਮ ਨੇ ਗਾਰਬੇਜ ਪ੍ਰਾਸੈਸਿੰਗ ਪਲਾਂਟ ਦੇ ਪ੍ਰਬੰਧਕਾਂ ਕੋਲੋਂ ਕੂੜੇ ਦੇ ਨਿਪਟਾਰੇ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਪੁੱਛਗਿੱਛ ਕੀਤੀ। ਮੇਅਰ ਨੇ ਡੰਪਿੰਗ ਗਰਾਊਂਡ ਦੇ ਦੌਰੇ ਦੌਰਾਨ ਬਦਬੂ ਤੋਂ ਬਚਣ ਲਈ ਮਾਸਕ ਪਹਿਨਿਆ ਹੋਇਆ ਸੀ।
ਇਸ ਦੌਰੇ ਦੌਰਾਨ ਸੀਨੀਅਰ ਡਿਪਟੀ ਮੇਅਰ ਰਵੀ ਕਾਂਤ ਸ਼ਰਮਾ, ਡਿਪਟੀ ਮੇਅਰ ਜਗਤਾਰ ਸਿੰਘ ਜੱਗਾ, ਵਧੀਕ ਕਮਿਸ਼ਨਰ ਐੱਸਕੇ ਜੈਨ ਸਮੇਤ ਇਲਾਕੇ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਸਨ।

Previous articleਹੁਸ਼ਿਆਰਪੁਰ ਦੀ ਕੈਪਟਨ ਤਾਨੀਆ ਸ਼ੇਰਗਿੱਲ ਨੂੰ ਮਿਲਿਆ ਅਗਵਾਈ ਦਾ ਮਾਣ
Next articleਸੰਘਣੀ ਧੁੰਦ ਕਾਰਨ ਸਕੂਲ ਬੱਸ ਪਲਟੀ