ਮੇਅਰ ਨੇ ‘ਗਰੀਨ ਦੀਵਾਲੀ’ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੋਦਗਿੱਲ ਨੇ ਸ਼ਹਿਰ ਵਾਸੀਆਂ ਨੂੰ ‘ਗਰੀਨ ਦੀਵਾਲੀ’ ਅੱਜ ਇੱਥੇ ਨਗਰ ਨਿਗਮ ਭਵਨ ਵਿੱਚ ‘ਗਰੀਨ ਦੀਵਾਲੀ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੇਅਰ ਨੇ ਚੰਡੀਗੜ੍ਹ ਵਾਸੀਆਂ ਨੂੰ ਪ੍ਰਦੂਸ਼ਣਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।
ਮੇਅਰ ਨੇ ਪ੍ਰਦੂਸ਼ਣ ਘਟਾਉਣ ਵਿੱਚ ਬੱਚਿਆਂ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਆਤਿਸ਼ਬਾਜੀ ਨਾਲ ਹੋਣ ਵਾਲੇ ਵਾਤਾਵਰਨ ਅਤੇ ਮਨੁੱਖੀ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਮਿੱਟੀ ਦੇ ਦੀਵੇ ਜਗਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਤਿਸ਼ਬਾਜੀ ਕਰਨ ਅਤੇ ਚੀਨੀ ਲਾਈਟਾਂ ਦੇ ਇਸਤੇਮਾਲ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਸ੍ਰੀ ਮੋਦਗਿੱਲ ਨੇ ਬੱਚਿਆਂ ਨੂੰ ਆਤਿਸ਼ਬਾਜੀ ਵਿੱਚ ਮੌਜੂਦ ਰਸਾਇਣਾਂ ਅਤੇ ਇਨ੍ਹਾਂ ਰਸਾਇਣਾਂ ਦੇ ਮਨੁੱਖੀ ਸਰੀਰ ’ਤੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਚੀਨੀ ਲਾਈਟਾਂ ਦੀ ਥਾਂ ਗਰੀਬ ਅਤੇ ਜ਼ਰੂਰਤਮੰਦਾਂ ਵੱਲੋਂ ਬਣਾਏ ਗਏ ਮਿੱਟੀ ਦੇ ਦੀਵੇ ਅਤੇ ਅਜਿਹੇ ਹੋਰ ਵਾਤਾਵਰਣ ਪੱਖੀ ਉਤਪਾਦ ਖਰੀਦਣ ਦੀ ਅਪੀਲ ਕੀਤੀ। ਇਸ ਮੌਕੇ ਮੌਜੂਦ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਦੇ ਚੰਗੇ ਪ੍ਰਭਾਵਾਂ ਬਾਰੇ ਵਿਗਿਆਨਕ ਤੱਥ ਪੇਸ਼ ਕੀਤੇ। ਇਸ ਮੌਕੇ ਸਕੂਲੀ ਬੱਚਿਆਂ ਨੇ ‘ਗਰੀਨ ਦੀਵਾਲੀ’ ’ਤੇ ਅਧਾਰਤ ਕਵਿਤਾਵਾਂ ਸੁਣਾਉਣ ਤੋਂ ਇਲਾਵਾ ਰੰਗੋਲੀਆਂ ਬਣਾਈਆਂ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਪੇਂਟਿੰਗਜ਼ ਵੀ ਕੀਤੀਆਂ। ਬੱਚਿਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਾ ਇਕ ਨੁੱਕੜ ਨਾਟਕ ਵੀ ਪੇਸ਼ ਕੀਤਾ। ਮੁਹਿੰਮ ਦੀ ਸ਼ੁਰੂਆਤ ਮੌਕੇ ਐਡੀਸ਼ਨਲ ਸੋਲੀਸਿਟਰ ਜਨਰਲ ਸੱਤਪਾਲ ਜੈਨ, ਵਧੀਕ ਕਮਿਸ਼ਨਰ ਸੌਰਭ ਮਿਸ਼ਰਾ ਅਤੇ ਨਗਰ ਨਿਗਮ ਦੀ ਕਲਾ, ਖੇਡ ਅਤੇ ਸਭਿਆਚਾਰ ਕਮੇਟੀ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਸਣੇ ਨਿਗਮ ਦੇ ਸੀਨੀਅਰ ਅਧਿਕਾਰੀ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-33, 3ਬੀਆਰਡੀ, ਸੇਂਟ ਜੋਸਫ ਸੀਨੀਅਰ ਸਕੂਲ ਸੈਕਟਰ 44 ਅਤੇ ਯੂਥ ਇਨੋਵੇਟਿਵ ਸੁਸਾਇਟੀ ਦੇ ਮੈਂਬਰ ਮੌਜੂਦ ਸਨ।

ਵਧੀਆ ਸਜਾਵਟ ਵਾਲੀ ਮਾਰਕੀਟ ਦਾ ਹੋਵੇਗਾ ਸਨਮਾਨ

ਦੀਵਾਲੀ ਮੌਕੇ ਸ਼ਹਿਰ ਵਿੱਚ ਸਭ ਤੋਂ ਵਧੀਆ ਸਜਾਵਟ ਅਤੇ ਸਫ਼ਾਈ ਵਾਲੀ ਮਾਰਕੀਟ ਦਾ ਚੰਡੀਗੜ੍ਹ ਨਗਰ ਨਿਗਮ ਵੱਲੋਂ ਸਨਮਾਨ ਕੀਤਾ ਜਾਵੇਗਾ। ਮੇਅਰ ਦੇਵੇਸ਼ ਮੋਦਗਿੱਲ ਨੇ ਐਲਾਨ ਕੀਤਾ ਕਿ ਨਗਰ ਨਿਗਮ ਵੱਲੋਂ ਨੰਬਰਾਂ ਦੇ ਅਧਾਰ ’ਤੇ ਮਾਰਕੀਟਾਂ ਦਾ ਸਰਵੇਖਣ ਕੀਤਾ ਜਾਵੇਗਾ ਅਤੇ ਸਭ ਤੋਂ ਵੱਧ ਨੰਬਰਾਂ ਵਾਲੀ ਮਾਰਕੀਟ ਨੂੰ ਸਨਮਾਨਿਤ ਕੀਤਾ ਜਾਵੇਗਾ।

Previous articleਕੈਨੇਡੀ ਦੀ ਪਤਨੀ ਵੱਲੋਂ ਲਿਖਿਆ ਪੱਤਰ ਹੋਵੇਗਾ ਨਿਲਾਮ
Next articleਲੁਟੇਰਿਆਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ