ਮੁੱਖ ਮੰਤਰੀ ਵਲੋਂ ਕਿਰਾਏਦਾਰ ਬਿਰਧ ਔਰਤ ਦੀ ਮਦਦ ਦੇ ਨਿਰਦੇਸ਼

ਲੁਧਿਆਣਾ (ਸਮਾਜਵੀਕਲੀ):  ਸਥਾਨਕ ਨਵੀਂ ਸ਼ਿਮਲਾਪੁਰੀ ਵਿਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਸਹਾਰਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸੰਭਵ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ‘ਕੈਪਟਨ ਨੂੰ ਸਵਾਲ’ ਤਹਿਤ ਫੇਸਬੁੱਕ ’ਤੇ ਲਾਈਵ ਹੁੰਦਿਆਂ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਬੀਤੇ ਦਿਨੀਂ ਕੀਤੇ ਗਏ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਬਜ਼ੁਰਗ ਔਰਤ ਨਿਰਮਲ ਕੌਰ (70) ਪਤਨੀ ਦਰਸ਼ਨ ਸਿੰਘ ਦੀ ਵਿਥਿਆ ਮੁੱਖ ਮੰਤਰੀ ਦੇ ਧਿਆਨ ਵਿੱਚ ਆਈ ਸੀ। ਮੁੱਖ ਮੰਤਰੀ ਨੂੰ ਕੁਲਵੰਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਨਿਰਮਲ ਕੌਰ ਆਪਣੇ ਪੋਤੇ ਸਮੇਤ ਕਿਰਾਏ ਦੇ ਘਰ ਵਿੱਚ ਰਹਿ ਰਹੀ ਹੈ।

ਇੱਕ ਛੋਟੇ ਜਿਹੇ ਖੋਖੇ ਨੂੰ ਚਲਾ ਕੇ ਉਹ ਆਪਣਾ ਗੁਜ਼ਾਰਾ ਕਰਦੀ ਸੀ। ਉਸ ਤੋਂ ਚਾਰ ਮਹੀਨੇ ਦਾ ਕਿਰਾਇਆ ਵੀ ਨਹੀਂ ਦਿੱਤਾ ਜਾ ਸਕਿਆ ਸੀ ਜਿਸ ਕਾਰਨ ਉਸ ਦਾ ਮਕਾਨ ਮਾਲਕ ਉਸ ਨੂੰ ਘਰ ਖਾਲੀ ਕਰਨ ਲਈ ਕਹਿ ਰਿਹਾ ਸੀ। ਲਿਖਤੀ ਬੇਨਤੀ ਪੜ੍ਹਨ ਤੋਂ ਬਾਅਦ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਉਸ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ 11 ਸਾਲਾਂ ਦੇ ਪੋਤੇ ਨਾਲ ਕਿਰਾਏ ਦੀ ਘਰ ਵਿੱਚ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਔਰਤ ਦਾ ਬਕਾਏ ਸਮੇਤ ਅਗਲੇ ਸਾਲ ਤੱਕ ਸਾਰੇ ਕਿਰਾਏ ਦਾ ਭੁਗਤਾਨ ਕੀਤਾ ਜਾਵੇ ਅਤੇ ਟੀਬੀ ਦੇ ਇਲਾਜ ਦਾ ਪੂਰਾ ਖਰਚਾ ਉਠਾਇਆ ਜਾਵੇ।

ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਫਤਿਹ’ ਤਹਿ ਅਤੇ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਔਰਤ ਬਾਰੇ ਮਾਲ ਵਿਭਾਗ ਤੋਂ ਪੜਤਾਲ ਕਰਵਾ ਲਈ ਗਈ ਹੈ ਅਤੇ ਇਸ ਸੰਬੰਧੀ ਕੇਸ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।

Previous articleਦਿੱਲੀ ਵਿੱਚ ਦੋ ਦਿਨਾਂ ’ਚ ਹੋਣਗੇ ਦੁੱਗਣੇ ਟੈਸਟ
Next articleUddhav Thackeray’s father-in-law passes away