ਮੁੱਖ ਮੰਤਰੀ ਦੀ ਕਿਸਾਨ ਧਿਰਾਂ ਨਾਲ ਮੀਟਿੰਗ ਅੱਜ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਗੱਡੀਆਂ ਦੀ ਆਵਾਜਾਈ ਬਹਾਲੀ ਲਈ ਮੁੜ ਮੋਰਚਾ ਸੰਭਾਲ ਲਿਆ ਹੈ। ਇਸੇ ਕੜੀ ਤਹਿਤ ਮੁੱਖ ਮੰਤਰੀ 21 ਨਵੰਬਰ ਨੂੰ ਬਾਅਦ ਦੁਪਹਿਰ ਡੇਢ ਵਜੇ ਤੀਹ ਕਿਸਾਨ ਧਿਰਾਂ ਨਾਲ ਇੱਥੇ ਪੰਜਾਬ ਭਵਨ ’ਚ ਮੀਟਿੰਗ ਕਰਨਗੇ। ਮੁੱਖ ਮੰਤਰੀ ਦਫਤਰ ਵੱਲੋਂ ਅੱਜ ਕਿਸਾਨ ਧਿਰਾਂ ਨੂੰ ਇਸ ਮੀਟਿੰਗ ਦਾ ਸੱਦਾ ਪੱਤਰ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਕਿਸਾਨ ਧਿਰਾਂ ਵੱਲੋਂ ਪਹਿਲਾਂ ਕਿਸਾਨ ਭਵਨ ’ਚ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨਾਲ ਭਲਕੇ ਮੀਟਿੰਗ ’ਚ ਕਿਸਾਨ ਧਿਰਾਂ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਚਲਾਏ ਜਾਣ ਦੀ ਸਹਿਮਤੀ ਦੇ ਸਕਦੀਆਂ ਹਨ ਕਿਉਂਕਿ ਦੋ ਦਿਨ ਪਹਿਲਾਂ 14 ਕਿਸਾਨ ਧਿਰਾਂ ਅੰਦਰੋਂ ਅੰਦਰੀਂ ਇਸ ਗੱਲ ਲਈ ਰਜ਼ਾਮੰਦ ਸਨ ਕਿ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਚਲਾ ਦਿੱਤੀਆਂ ਜਾਣ।

ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਅਤੇ ਕਿਸਾਨ ਧਿਰਾਂ ਨੂੰ ਅਪੀਲਾਂ ਕਰਕੇ ਸੰਤੁਲਨ ਬਣਾਉਣ ’ਚ ਲੱਗੇ ਹੋਏ ਹਨ। ਮੁੱਖ ਮੰਤਰੀ ਵੱਲੋਂ ਭਲਕੇ ਕਿਸਾਨ ਧਿਰਾਂ ਨਾਲ ਮਾਲ ਗੱਡੀਆਂ ਦੀ ਬਹਾਲੀ ਲਈ ਕੇਂਦਰੀ ਸ਼ਰਤ ਮੰਨਣ ਦੀ ਗੱਲ ਲਈ ਆਖਿਆ ਜਾਵੇਗਾ। ਮੁੱਖ ਮੰਤਰੀ ਭਲਕੇ ਮੀਟਿੰਗ ਵਿੱਚ ਕਿਸਾਨ ਧਿਰਾਂ ਅੱਗੇ ਸੂਬੇ ਦੀ ਮਾਲੀ ਮੰਦੀ ਦੀ ਗੱਲ ਰੱਖਣਗੇ ਤੇ ਉਨ੍ਹਾਂ ਵੱਲੋਂ ਅੱਜ ਸੂਬੇ ਦੀ ਆਰਥਿਕਤਾ ਨਾਲ ਜੁੜੇ ਅੰਕੜਿਆਂ ਦਾ ਖਾਕਾ ਤਿਆਰ ਕਰਾਇਆ ਗਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਲਕੇ ਕੋਵਿਡ ਸਮੀਖਿਆ ਮੀਟਿੰਗ ਵੀ ਰੱਖੀ ਗਈ ਹੈ ਜਿਸ ਤਹਿਤ ਮੁੱਖ ਮੰਤਰੀ ਡਾਕਟਰਾਂ ਅਤੇ ਸਿਹਤ ਕਰਮੀਆਂ ਨਾਲ ਸਵੇਰੇ 11 ਵਜੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਨਗੇ। ਮੁੱਖ ਮੰਤਰੀ ਭਲਕੇ 117 ਵੈੱਲਨੈੱਸ ਸੈਂਟਰਾਂ ਦਾ ਉਦਘਾਟਨ ਵੀ ਕਰਨਗੇ।

ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨਪਾਲ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਧਿਰਾਂ ਵੱਲੋਂ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ ਜਾਵੇਗੀ ਜਿਸ ’ਚ ਆਪਸੀ ਸਹਿਮਤੀ ਨਾਲ ਫ਼ੈਸਲਾ ਲਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਸੱਦਾ ਪੱਤਰ ਮਿਲ ਗਿਆ ਹੈ ਅਤੇ ਸਭ ਧਿਰਾਂ ਆਪਸੀ ਸਹਿਮਤੀ ਨਾਲ ਅਗਲਾ ਫ਼ੈਸਲਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਵਤੀਰਾ ਅੜਨ ਵਾਲਾ ਜਿਸ ਕਰਕੇ ਕਿਸਾਨ ਪੂਰੀ ਤਰ੍ਹਾਂ ਕੌਮੀ ਅੰਦੋਲਨ ਦੀ ਤਿਆਰੀ ਵਿਚ ਜੁਟੇ ਹੋਏ ਹਨ।

Previous articleਭਾਰਤ-ਆਸਟਰੇਲੀਆ ਮੁਕਾਬਲੇ ਦਾ ਫ਼ੈਸਲਾ ਗੇਂਦਬਾਜ਼ਾਂ ਹੱਥ: ਜ਼ਹੀਰ
Next articleਸੜਕ ਹਾਦਸੇ ਵਿੱਚ ਤਿੰਨ ਹਲਾਕ, ਦੋ ਜ਼ਖ਼ਮੀ