ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜਵੀਕਲੀ) – ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੁਹਾਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੈਣੀ ਨੇ ਸ਼ੁੱਕਰਵਾਰ ਨੂੰ ਆਪਣੇ ਵਕੀਲ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ (ਡਿਊਟੀ ਮੈਜਿਸਟਰੇਟ) ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਲਈ ਬੇਨਤੀ ਕੀਤੀ ਸੀ।

ਇਸ ਦਾ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਾਬਕਾ ਡੀਜੀਪੀ ਦੇ ਖ਼ਿਲਾਫ਼ ਗੰਭੀਰ ਦੋਸ਼ਾਂ ਤਹਿਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ‘ਸਿਟਕੋ’ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਸਵੇਰੇ ਤੜਕੇ 4 ਵਜੇ ਇੱਥੋਂ ਦੇ ਫੇਜ਼-7 ਸਥਿਤ ਘਰ ’ਚੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ।

ਵਕੀਲ ਨੇ ਕਿਹਾ ਕਿ ਜ਼ਮਾਨਤ ਦੇਣ ਨਾਲ ਮਹੱਤਵਪੂਰਨ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਵੀ ਅਦਾਲਤ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਵੀ ਸੈਣੀ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਭਲਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ।

ਫਿਲਹਾਲ ਸਾਬਕਾ ਡੀਜੀਪੀ ਸੈਣੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਸੈਣੀ ਖ਼ਿਲਾਫ਼ ਅਪਰਾਧਕ ਕੇਸ ਦਰਜ ਹੋਣ ਤੋਂ ਬਾਅਦ ਉਹ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਇਕ ਟਿਕਾਣੇ ’ਤੇ ਜਾ ਕੇ ਕਥਿਤ ਤੌਰ ’ਤੇ ਲੁਕਣਾ ਚਾਹੁੰਦੇ ਸਨ ਪਰ ਹਿਮਾਚਲ ਦੀ ਹੱਦ ’ਤੇ ਕਰਫਿਊ ਨਾਕੇ ਉਤੇ ਤਾਇਨਾਤ ਪੁਲੀਸ ਜਵਾਨਾਂ ਨੇ ਸਾਬਕਾ ਡੀਜੀਪੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ।

Previous articleਝੋਨੇ ਦੀ ਅਗੇਤੀ ਲੁਆਈ ਬਾਰੇ ਫ਼ੈਸਲਾ ਅੱਜ
Next articleਪੰਜਾਬ ’ਚ ਹਫ਼ਤੇ ਦੌਰਾਨ ਕਰੋਨਾ ਨਾਲ 9ਵੀਂ ਮੌਤ