ਮੁੰਬਈ ਤੇ ਦਿੱਲੀ ਵਿਚਾਲੇ ਟੱਕਰ ਅੱਜ

ਮੁੰਬਈ ਇੰਡੀਅਨਜ਼ ਆਈਪੀਐਲ ਦੇ 12ਵੇਂ ਸੈਸ਼ਨ ਵਿੱਚ ਐਤਵਾਰ ਨੂੰ ਜਦੋਂ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨਾਲ ਭਿੜੇਗੀ ਤਾਂ ਉਸ ਦੀਆਂ ਨਜ਼ਰਾਂ ਜਸਪ੍ਰੀਤ ਬੁਮਰਾਹ ਅਤੇ ਹਰਫ਼ਨਮੌਲਾ ਹਾਰਦਿਕ ਪੰਡਿਆ ’ਤੇ ਟਿਕੀਆਂ ਹੋਣਗੀਆਂ, ਜੋ ਸੱਟਾਂ ਨਾਲ ਜੂਝ ਰਹੇ ਹਨ। ਪੰਡਿਆ ਨੂੰ ਬੀਤੇ ਛੇ ਮਹੀਨਿਆਂ ਵਿੱਚ ਦੋ ਵਾਰ ਸੱਟ ਲੱਗ ਚੁੱਕੀ ਹੈ, ਜਿਸ ਕਾਰਨ ਉਹ ਸਤੰਬਰ ਵਿੱਚ ਏਸ਼ੀਆ ਕੱਪ ਅਤੇ ਆਸਟਰੇਲੀਆ ਖ਼ਿਲਾਫ਼ ਘਰੇਲੂ ਲੜੀ ਨਹੀਂ ਖੇਡ ਸਕਿਆ ਸੀ। ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਨਿਰਦੇਸ਼ਕ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਵੀ ਲਗਦਾ ਹੈ ਕਿ ਪੰਡਿਆ ਨੂੰ ਜ਼ਿੰਮੇਵਾਰੀ ਦੇਣ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਲਗਦਾ ਹੈ ਕਿ ਵਿਸ਼ਵ ਕੱਪ ਨੂੰ ਵੇਖਦਿਆਂ ਆਈਪੀਐਲ ਵਿੱਚ ਕੰਮ-ਕਾਜ ਦੀ ਜ਼ਿੰਮੇਵਾਰੀ ਖ਼ੁਦ ਖਿਡਾਰੀਆਂ ’ਤੇ ਹੈ। ਬੁਮਰਾਹ ’ਤੇ ਵੀ ਭਾਰਤੀ ਟੀਮ ਪ੍ਰਬੰਧਕਾਂ ਦੀ ਨਜ਼ਰ ਰਹੇਗੀ। ਰੋਹਿਤ ਦੇ ਪ੍ਰਦਰਸ਼ਨ ’ਤੇ ਵੀ ਧਿਆਨ ਕੇਂਦਰਿਤ ਰਹੇਗਾ, ਕਿਉਂਕਿ ਉਸ ਦੇ ਵਿਸ਼ਵ ਕੱਪ ਵਿੱਚ ਪਾਰੀ ਦਾ ਆਗਾਜ਼ ਕਰਨ ਦੀ ਉਮੀਦ ਹੈ। ਇਸ ਤੋਂ ਇਲਾਵਾ ਤਿੰਨ ਵਾਰ ਦੀ ਆਈਪੀਐਲ ਜੇਤੂ ਮੁੰਬਈ ਇੰਡੀਅਨਜ਼ ਨੇ ਆਪਣੀ ਟੀਮ ਵਿੱਚ ਯੁਵਰਾਜ ਸਿੰਘ ਨੂੰ ਸ਼ਾਮਲ ਕੀਤਾ ਹੈ, ਜਿਸ ਵਿੱਚ ਕੀਰੋਨ ਪੋਲਾਰਡ, ਬੇਨ ਕਟਿੰਗ ਅਤੇ ਸੂਰਿਆ ਕੁਮਾਰ ਯਾਦਵ ਵਰਗੇ ਵੱਡੇ ਖਿਡਾਰੀ ਮੌਜੂਦ ਹਨ। ਤੇਜ ਗੇਂਦਬਾਜ਼ੀ ਵਿੱਚ ਬਰਿੰਦਰ ਸਰਨ, ਮਿਸ਼ੇਲ ਮੈਕਲੇਨਾਗਨ ਨੂੰ ਪਰਖਿਆ ਜਾ ਸਕਦਾ ਹੈ, ਜਦਕਿ ਕਰੁਣਾਲ ਪੰਡਿਆ, ਜੇਅੰਤ ਯਾਦਵ, ਅਨੁਕੂਲ ਰਾਏ, ਰਾਹੁਲ ਚਹਿਰ ਅਤੇ ਮਯੰਕ ਮਾਰਕੰਡੇ ਮੁੰਬਈ ਨੂੰ ਸਪਿੰਨ ਵਿੱਚ ਕਾਫੀ ਬਦਲ ਮੁਹੱਈਆ ਕਰਵਾ ਸਕਦੇ ਹਨ। ਦਿੱਲੀ ਡੇਅਰਡੈਵਿਲਜ਼ ਤੋਂ ਦਿੱਲੀ ਕੈਪੀਟਲਜ਼ ਬਣੀ ਟੀਮ ਵਿੱਚ ਸ਼ਿਖਰ ਧਵਨ ਮੌਜੂਦ ਹੈ, ਜੋ ਵਿਸ਼ਵ ਕੱਪ ਤੋਂ ਪਹਿਲਾਂ ਦੌੜਾਂ ਬਣਾਉਣਾ ਚਾਹੇਗਾ। ਸ਼੍ਰੇਅਸ ਅਈਅਰ ਅਤੇ ਵਿਕਟਕੀਪਰ ਰਿਸ਼ਭ ਪੰਤ ਵਰਗੇ ਨੌਜਵਾਨ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਉਸ ਦੇ ਵਿਸ਼ਵ ਕੱਪ ਟੀਮ ਵਿੱਚ ਥਾਂ ਬਣਾਉਣ ਦੇ ਮੌਕੇ ਵਧਾ ਸਕਦਾ ਹੈ।

Previous articleਵਾਰਨਰ ਦੀ ਵਾਪਸੀ ਨਾਲ ਚਮਕੇਗੀ ਹੈਦਰਾਬਾਦ
Next articleਨੰਬਰਦਾਰ 26 ਨੂੰ ਸ਼ਰਧਾ ਨਾਲ ਮਨਾਉਣਗੇ ਯੂਨੀਅਨ ਦਾ ਸਥਾਪਨਾ ਦਿਵਸ ਦਿਹਾੜਾ – ਅਸ਼ੋਕ ਸੰਧੂ ਨੰਬਰਦਾਰ