ਮੁਹਾਜਿਰਾਂ ‘ਤੇ ਜ਼ੁਲਮ ਖ਼ਿਲਾਫ਼ ਐੱਮਕਿਊਐੱਮ ਨੇ ਕੀਤਾ ਪ੍ਰਦਰਸ਼ਨ

ਨਿਊਯਾਰਕ : ਪਾਕਿਸਤਾਨ ‘ਚ ਮੁਹਾਜਿਰਾਂ ਤੇ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਸ ਸਮੇਂ ਕੀਤਾ ਗਿਆ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ‘ਚ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਐੱਮਕਿਊਐੱਮ ਦੇ ਵਰਕਰ ਤੇ ਸਮਰਥਕ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਐੱਮਕਿਊਐੱਮ ਦੇ ਝੰਡੇ, ਪੋਸਟਰ ਤੇ ਸੰਗਠਨ ਦੇ ਸੰਸਥਾਪਕ ਅਲਤਾਫ ਹੁਸੈਨ ਦੀ ਤਸਵੀਰਾਂ ਵੀ ਫੜੀਆਂ ਸਨ। ਪੋਸਟਰ ‘ਤੇ ਪਾਕਿਸਤਾਨ ਖ਼ਿਲਾਫ਼ ਨਾਅਰੇ ਤੇ ਕਰਾਚੀ ਸਮੇਤ ਸਿੰਧ ਸੂਬੇ ‘ਚ ਜਾਰੀ ਮਨੁੱਖੀ ਅਧਿਕਾਰ ਉਲੰਘਣਾ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕ ਐੱਮਕਿਊਐੱਮ ਦੇ ਰੇਹਾਨ ਇਬਾਦਤ ਤੇ ਦੂਜੇ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅਣਐਲਾਨੇ ਤੌਰ ‘ਤੇ ਦੇਸ਼ ‘ਚ ਮਾਰਸ਼ਲ ਲਾ ਲਾਗੂ ਕੀਤਾ ਹੋਇਆ ਹੈ। ਮੁਹਾਜਿਰ ਉਰਦੂ ਭਾਸ਼ੀ ਪਰਵਾਸੀ ਹਨ ਤੇ ਇਹ ਲੋਕ 1947 ‘ਚ ਵੰਡ ਸਮੇਂ ਭਾਰਤ ਛੱਡ ਕੇ ਪਾਕਿਸਤਾਨ ‘ਚ ਵਸ ਗਏ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਲੋਕ ਸਿੰਧ ਸੂਬੇ ‘ਚ ਵਸੇ ਹਨ।

Previous articleਅਮਰੀਕੀ ਔਰਤ ਨੂੰ ਲਾਭ ਪਹੁੰਚਾਉਣ ਦੇ ਮਾਮਲੇ ‘ਚ ਜੌਨਸਨ ਘਿਰੇ
Next articleਤਾਲਿਬਾਨ ਦੀ ਧਮਕੀ ਬੇਅਸਰ, ਮਤਦਾਨ ਲਈ ਉਮੜੇ ਅਫ਼ਗਾਨ ਨਾਗਰਿਕ