ਮੁਲਾਜ਼ਮ ਮੰਗਾਂ ਅਣਗੌਲਣ ਖ਼ਿਲਾਫ਼ ਰੋਹ ਭਖਿਆ

ਚੰਡੀਗੜ੍ਹ- ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਸੈਕਟਰ 17 ਵਿਚ ਯੂਟੀ, ਐਮਸੀ, ਪੰਜਾਬ, ਕੇਂਦਰੀ ਕਰਮਚਾਰੀਆਂ ਦੀਆਂ ਫੈਡਰੇਸ਼ਨਾਂ ਵੱਲੋਂ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਇਕੱਤਰ ਹੋਏ ਕਰਮਚਾਰੀਆਂ ਨੇ ਯੂਟੀ, ਪੰਜਾਬ ਅਤੇ ਕੇਂਦਰ ਸਰਕਾਰਾਂ ’ਤੇ ਮੁਲਾਜ਼ਮ ਦੀਆਂ ਮੰਗਾਂ ਨੂੰ ਅਣਗੋਲਿਆਂ ਕਰਨ ਦਾ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ 8 ਜਨਵਰੀ ਨੂੰ ਹੜਤਾਲ ਕਰਨ ਦਾ ਐਲਾਨ ਵੀ ਕੀਤਾ।
ਸੰਮੇਲਨ ਵਿਚ ਕੇਂਦਰ, ਪੰਜਾਬ, ਯੂ.ਟੀ ਅਤੇ ਜਨਤਕ ਖੇਤਰ ਦੀਆਂ 60 ਦੇ ਕਰੀਬ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੌਕੇ ਕੇਂਦਰੀ ਟਰੇਡ ਯੂਨੀਅਨ ਵੱਲੋਂ 12 ਸੂਤਰੀ ਮੰਗ ਪੱਤਰ ਤਿਆਰ ਕੀਤਾ ਗਿਆ ਜਿਸ ਵਿਚ ਡਿਫੈਂਸ, ਰੇਲਵੇ, ਬਿਜਲੀ, ਟਰਾਂਸਪੋਰਟ, ਬੈਂਕ ਤੇ ਬੀਮਾ ਕੰਪਨੀਆਂ ਦਾ ਨਿੱਜੀਕਰਨ ਰੋਕਣਾ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣਾ, ਡੇਲੀਵੇਜ, ਵਰਕਚਾਰਜ ਕੰਟਰੈਕਟ, ਆਊਟਸੋਰਸ ਰਾਹੀਂ ਰੱਖੇ ਕਰਮਚਾਰੀਆਂ ਨੂੰ ਪੱਕਾ ਕਰਨ, ਉੱਚ ਅਦਾਲਤ ਦੇ ਫ਼ੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ, ਘੱਟੋ ਘੱਟ ਤਨਖਾਹ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਵਾਉਣ, ਪੰਜਾਬ ਅਤੇ ਯੂਟੀ ਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਰਗੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ। ਸੀਟੂ ਪੰਜਾਬ ਦੇ ਉਪ-ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਨੇ 8 ਜਨਵਰੀ ਨੂੰ ਕੀਤੀ ਜਾ ਰਹੀ ਹੜਤਾਲ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕਰਮਚਾਰੀਆਂ, ਕਿਸਾਨਾਂ ਅਤੇ ਮਿਹਨਤੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਸੰਮੇਲਨ ਨੂੰ ਇੰਪਲਾਈਜ਼ ਫੋਰਮ ਦੇ ਕਨਵੀਨਰ ਰਾਜੀਵ ਸਹਿਗਲ, ਅਖਿਲ ਭਾਰਤੀ ਰਾਜ ਸਰਕਾਰ ਕਰਮਚਾਰੀ ਫੈਡਰੇਸ਼ਨ ਦੇ ਸਕੱਤਰ ਗੋਪਾਲ ਦੱਤ ਜੋਸ਼ੀ, ਸੀਟੂ ਚੰਡੀਗੜ੍ਹ ਦੇ ਪ੍ਰਧਾਨ ਕੁਲਦੀਪ ਸਿੰਘ, ਫੈਡਰੇਸ਼ਨ ਆਫ਼ ਯੂ.ਟੀ. ਇੰਪਲਾਈਜ਼ ਵਰਕਰਜ਼ ਦੇ ਪ੍ਰਧਾਨ ਰਘੁਬੀਰ ਚੰਦ, ਅਮਰੀਕ ਸਿੰਘ, ਸੀਟੂ ਚੰਡੀਗੜ੍ਹ ਦੇ ਜਨਰਲ ਸਕੱਤਰ ਦਿਨੇਸ਼ ਪ੍ਰਸਾਦ ਨੇ ਸੰਬੋਧਨ ਕੀਤਾ।
ਸੰਮੇਲਨ ਦੌਰਾਨ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੇ ਖਿਲਾਫ਼ ਸੰਘਰਸ਼ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

Previous articleਨੈਸ਼ਨਲ ਕਾਲਜ ’ਚ ਪੌਣੇ ਦੋ ਕਰੋੜ ਦੇ ਘਪਲੇ ਦਾ ਖ਼ੁਲਾਸਾ
Next articleਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਸੰਘਰਸ਼ ਜਾਰੀ