ਮੁਨਾਫ਼ਾਖ਼ੋਰੀ ’ਚ ਲੁੱਟਿਆ ਜਾ ਰਿਹੈ ਕਿਸਾਨ ਤੇ ਕਾਲਾਬਾਜ਼ਾਰੀ ਨੇ ਕੱਖੋਂ ਹੌਲਾ ਕਰ ਦਿੱਤਾ ਇਮਾਨ

ਫ਼ਰੀਦਕੋਟ (ਸਮਾਜਵੀਕਲੀ)ਰਵਾਇਤੀ ਫ਼ਸਲਾਂ ਤੋਂ ਹੱਟ ਕੇ ਸਬਜ਼ੀਆਂ ਅਤੇ ਫ਼ਲਾਂ ਦੇ ਕਾਸ਼ਤਕਾਰਾਂ ਨੂੰ ਕਰਫਿਊ ਦੀ ਸਭ ਤੋਂ ਵੱਡੀ ਮਾਰ ਪਈ ਹੈ। ਕੋਈ ਹੋਰ ਰੁਜ਼ਗਾਰ ਨਾ ਹੋਣ ਕਾਰਨ ਮਹਿੰਗੇ ਭਾਅ ਜ਼ਮੀਨਾਂ ਠੇਕੇ ’ਤੇ ਲੈ ਕੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮਿਹਨਤ ਕਰਫਿਊ ਨੇ ਬੇਕਾਰ ਕਰ ਦਿੱਤੀ ਹੈ।

ਫ਼ਰੀਦਕੋਟ ਜ਼ਿਲ੍ਹੇ ‘ਚ 2300 ਹੈਕਟੇਅਰ ਰਕਬੇ ‘ਚ ਗਰਮੀਆਂ ਦੀ ਸਬਜ਼ੀ ਦੀ ਕਾਸ਼ਤ ਹੋਈ ਹੈ ਅਤੇ ਇਹ ਸਬਜ਼ੀਆਂ ਤਿਆਰ ਹਨ ਅਤੇ ਹੁਣ ਸਬਜ਼ੀਆਂ ਦਾ ਸਹੀ ਮੁਲ ਕਾਸ਼ਤਕਾਰਾਂ ਨੂੰ ਮਿਲਦਾ ਹੈ। ਮੁਹੰਮਦ ਨਦੀਮ ਨੇ ਕਿਹਾ ਕਿ ਉਸ ਨੇ ਅੱਠ ਕਿੱਲੇ 60 ਹਜ਼ਾਰ ਰੁਪਏ ਪ੍ਰਤੀ ਕਿਲਾ ਦੇ ਹਿਸਾਬ ਨਾਲ ਠੇਕੇ ‘ਤੇ ਲਈ ਸੀ ਅਤੇ ਬਾਰਸ਼ਾਂ ਦੇ ਮੌਸਮ ਠੀਕ ਹੋਣ ਕਾਰਨ ਖੇਤਾਂ ਵਿੱਚੋਂ ਸਬਜ਼ੀ ਲੱਥਣੀ ਵੀ ਸ਼ੁਰੂ ਹੋ ਗਈ ਸੀ ਪਰ 20 ਦਿਨਾਂ ਤੋਂ ਅੰਤਰਰਾਜੀ ਆਵਾਜਾਈ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੀਆਂ ਸਬਜ਼ੀਆਂ ਸਥਾਨਕ ਮੰਡੀ ‘ਚ ਹੀ ਵੇਚਣੀਆਂ ਪੈ ਰਹੀਆਂ ਹਨ।

ਇਥੇ ਸਹੀ ਮੁੱਲ ਨਹੀਂ ਮਿਲ ਰਿਹਾ ਅਤੇ ਕਰਫਿਊ ਕਾਰਨ ਸਥਾਨਕ ਮੰਡੀਆਂ ‘ਚ ਵੀ ਗਾਹਕ ਨਹੀਂ ਹੈ। ਗੁਲਜ਼ਾਰ ਸਿੰਘ ਵਾਸੀ ਅਰਾਈਆਂਵਾਲਾ ਨੇ ਕਿਹਾ ਕਿ ਉਸ ਨੇ 12 ਏਕੜ ਜ਼ਮੀਨ ਠੇਕੇ ‘ਤੇ ਲਈ ਹੈ ਅਤੇ ਉਸ ਦੀ ਸਬਜ਼ੀ 16 ਮਾਰਚ ਤੋਂ ਮਹਾਰਾਸ਼ਟਰ, ਗੁਜਰਾਤ ਅਤੇ ਰਾਜਾਂ ਵਿੱਚ ਜਾਣੀਆ ਸਨ ਪਰ ਉਹ ਆਪਣੀਆਂ ਸਬਜ਼ੀਆਂ ਸ਼ਹਿਰ ਤੋਂ ਬਾਹਰ ਵੀ ਨਹੀਂ ਭੇਜ ਸਕਿਆ ਅਤੇ ਪ੍ਰਸ਼ਾਸ਼ਨ ਨੇ ਸਿਰਫ ਉਸ ਨੂੰ ਦੋ ਘੰਟੇ ਦਾ ਹੀ ਸਥਾਨਕ ਪੱਧਰ ਦਾ ਪਾਸ ਜਾਰੀ ਕੀਤਾ ਹੈ।

ਬੀੜ ਸਿੱਖਾਂ ਵਾਲੇ ਅਮਰੀਕ ਸਿੰਘ ਨੇ ਕਿਹਾ ਕਿ 14 ਅਪਰੈਲ ਤੱਕ ਕਰਫਿਊ ਲੱਗਾ ਹੋਇਆ ਹੈ, ਉਦੋਂ ਤੱਕ ਉਸ ਦੀ 40 ਫੀਸਦੀ ਸਬਜ਼ੀ ਖਰਾਬ ਹੋ ਜਾਵੇਗੀ ਤੇ ਬਾਹਰਲੇ ਰਾਜਾਂ ਤੋਂ ਨਵੇਂ ਆਰਡਰ ਨਹੀਂ ਮਿਲ ਰਹੇ। ਜਗਸੀਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਨਵੇਂ ਹਾਈਵੇਅ ਬਣਨ ਕਾਰਨ ਮਾਲਵੇ ਦੇ ਖੇਤਾਂ ਵਿੱਚ ਸਬਜ਼ੀ ਗੁਜਰਾਤ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੀਆਂ ਮੰਡੀਆਂ ‘ਚ ਪਹੁੰਚਣੀ ਸ਼ੁਰੂ ਹੋ ਗਈ ਅਤੇ ਉੱਥੇ ਕਾਸ਼ਤਕਾਰਾਂ ਨੂੰ ਚੰਗਾ ਭਾਅ ਵੀ ਮਿਲ ਰਿਹਾ ਸੀ। ਸਰਦੀ ਦੀਆਂ ਸਬਜ਼ੀਆਂ ਨੇ ਚੰਗਾ ਮੁਨਾਫਾ ਦਿੱਤਾ ਸੀ ਪਰ ਕਰਫਿਊ ਕਾਰਨ ਗਰਮੀ ਦੀਆਂ ਸਬਜ਼ੀਆਂ ਘਾਟੇ ਦਾ ਸੌਦਾ ਸਾਬਤ ਹੋ ਰਹੀਆਂ ਹਨ।

Previous articleਅਫ਼ਗਾਨਿਸਤਾਨ ’ਚ ਹਿੰਸਕ ਘਟਨਾਵਾਂ, ਸੱਤ ਹਲਾਕ
Next articleਸੱਤ ਮਰੀਜ਼ ਠੀਕ, ਪਠਲਾਵਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ