ਮੀਰਵਾਇਜ਼ ਤੋਂ ਲਗਾਤਾਰ ਦੂਜੇ ਦਿਨ ਪੁੱਛਗਿੱਛ

ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਵੱਖਵਾਦੀ ਆਗੂ ਮੀਰਵਾਇਜ਼ ਉਮਰ ਫਾਰੂਕ ਦੇ ਐਨਆਈਏ ਸਾਹਮਣੇ ਪੇਸ਼ ਹੋਣ ਨਾਲ ਹੁਰੀਅਤ ਆਗੂ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਵਾਉਣ ਤੇ ਸਾਜ਼ਿਸ਼ਾਂ ਦੇ ਦੋਸ਼ਾਂ ਦੀ ਡੂੰਘੀ ਜਾਂਚ ਦਾ ਰਾਹ ਖੁੱਲ੍ਹ ਗਿਆ ਹੈ। ਮੀਰਵਾਇਜ਼ ਜੰਮੂ ਕਸ਼ਮੀਰ ਵਿਚ ਵੱਖਵਾਦੀ ਸੰਗਠਨਾਂ ਤੇ ਅਤਿਵਾਦੀ ਜਥੇਬੰਦੀਆਂ ਨੂੰ ਪੈਸਾ ਮੁਹੱਈਆ ਕਰਵਾਉਣ ਨਾਲ ਜੁੜੇ ਮਾਮਲੇ ਵਿਚ ਪੁੱਛਗਿੱਛ ਲਈ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੀਰਵਾਇਜ਼ ਦਾ ਐਨਆਈਏ ਸਾਹਮਣੇ ਪੇਸ਼ ਹੋਣਾ ਸਰਕਾਰ ਦੀ ਦ੍ਰਿੜ੍ਹਤਾ ਨੂੰ ਦਰਸਾਉਂਦਾ ਹੈ ਕਿ ਕਸ਼ਮੀਰੀ ਵੱਖਵਾਦੀ ਆਗੂਆਂ ਨੂੰ ਦੇਸ਼ ਦੇ ਕਾਨੂੰਨ ਪ੍ਰਤੀ ਜਵਾਬਦੇਹ ਹੋਣਾ ਪਏਗਾ। ਐਨਆਈਏ ਵੱਲੋਂ ਮੀਰਵਾਇਜ਼ ਤੋਂ ਪੁੱਛਗਿੱਛ ਕਰਨਾ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਕਈ ਢੰਗ ਤਰੀਕੇ ਵਰਤ ਕੇ ਜਾਂਚ ਏਜੰਸੀ ਦੁਆਰਾ ਪੁੱਛਗਿੱਛ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਅਖੀਰ ਏਜੰਸੀ ਦੇ ਸਵਾਲਾਂ ਦਾ ਜਵਾਬ ਦੇਣ ਲਈ ਤੇ ਸੰਮਨ ਦਾ ਪਾਲਣ ਕਰਨ ਲਈ ਉਸ ਨੂੰ ਨਵੀਂ ਦਿੱਲੀ ਆਉਣਾ ਪਿਆ। ਇਹ ਸਰਕਾਰ ਦੇ ਇਸ ਸਖ਼ਤ ਰੁਖ਼ ਨੂੰ ਦਿਖਾਉਂਦਾ ਹੈ ਕਿ ਕਾਨੂੰਨ ਪ੍ਰਤੀ ਸਾਰੇ ਜਵਾਬਦੇਹ ਹਨ। ਐਨਆਈਏ ਨੇ ਅਤਿਵਾਦ ਫੰਡਿੰਗ ਦੇ ਦੋਸ਼ਾਂ ਹੇਠ ਮੀਰਵਾਇਜ਼ ਤੇ ਹੋਰ ਹੁਰੀਅਤ ਆਗੂਆਂ ਯਾਸੀਨ ਮਲਿਕ ਤੇ ਐੱਸਏਐੱਸ ਗਿਲਾਨੀ ਦੇ ਬੇਟੇ ਨਸੀਮ ਗਿਲਾਨੀ ਦੀਆਂ ਜਾਇਦਾਦਾਂ ’ਤੇ ਫਰਵਰੀ 2019 ਵਿਚ ਛਾਪੇ ਮਾਰੇ ਸਨ।

Previous articleਸਹੂਲਤਾਂ ਖੋਹ ਕੇ ਕੈਪਟਨ ਨੇ ਲੋਕਾਂ ਨਾਲ ਧ੍ਰੋਹ ਕਮਾਇਆ: ਸੁਖਬੀਰ
Next articleਚੰਡੀਗੜ੍ਹ ਪੁਲੀਸ ਵੱਲੋਂ ਮਹਿਲਾ ਚੋਰ ਗਰੋਹ ਦੀਆਂ ਦੋ ਮੈਂਬਰ ਗ੍ਰਿਫ਼ਤਾਰ