ਮੀਂਹ ਨੇ ਮਾਲਵਾ ਪੱਟੀ ਵਿੱਚ ਕਿਸਾਨਾਂ ਦੇ ਸਾਹ ਸੂਤੇ

ਅੱਜ ਭਾਦੋਂ ਮਹੀਨੇ ਦੀ ਪਹਿਲੀ ਬਾਰਸ਼ ਨਾਲ ਜਿਥੇ ਬਠਿੰਡਾ ਦੇ ਆਸ ਪਾਸ ਦੇ ਪੇਂਡੂ ਖੇਤਰ ਅਤੇ ਸ਼ਹਿਰੀ ਲੋਕਾਂ ਨੂੰ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੀ, ਉਥੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਹ ਮੀਂਹ ਨਰਮੇ ’ਤੇ ਹਰੇ ਤੇਲੇ ਤੇ ਝੋਨੇ ’ਤੇ ਗੋਭ ਵਾਲੀ ਸੁੰਡੀ ਤੋਂ ਛੁਟਕਾਰੇ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਆਦਿ ਵਿਚ ਤੇਜ਼ ਤੇ ਭਾਰੀ ਮੀਂਹ ਦੀ ਪੇਸ਼ਗਨੋਈ ਕੀਤੀ ਸੀ ਜਿਸ ਤੋਂ ਕਿਸਾਨ ਡਰੇ ਹੋਏ ਹਨ। ਅੱਜ ਬਠਿੰਡਾ ਪੱਟੀ ਵਿਚ ਸ਼ੁਰੂ ਹੋਈ ਹਲਕੀ ਬਾਰਸ਼ ਬਾਅਦ ਦੁਪਹਿਰ ਤੇਜ਼ ਹੋ ਗਈ। ਮੀਂਹ ਕਾਰਨ ਝੋਨੇ ਅਤੇ ਨਰਮੇ ਵਾਲੇ ਖੇਤਾਂ ਵਿੱਚ ਪਾਣੀ ਖੜ ਗਿਆ ਹੈ। ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਜਲ ਥਲ ਹੋ ਗਈਆਂ ਹਨ। ਬਠਿੰਡਾ ਦੇ ਪਿੰਡ ਮਹਿਮਾ ਸਰਜਾ, ਮਹਿਮਾ ਭਗਵਾਨਾ, ਮਹਿਮਾ ਸਰਕਾਰੀ, ਦਿਓਣ, ਬਲਾਢੇਵਾਲਾ, ਭੋਖੜਾ, ਦਾਨ ਸਿੰਘ ਵਾਲਾ, ਹਰਰਾਏਪੁਰ, ਜੰਡਾਂ ਵਾਲਾ, ਗੋਨਿਆਣਾ ਮੰਡੀ ਆਦਿ ਖੇਤਰਾਂ ਵਿਚ ਭਾਰੀ ਬਾਰਸ਼ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਹਵਾ ਦੀ ਰਫ਼ਤਾਰ 2.2 ਕਿਲੋਮੀਟਰ ਪ੍ਰਤੀ ਘੰਟਾ ਸੀ। ਬਠਿੰਡਾ ਸ਼ਹਿਰ ਵਿਚ ਦੁਪਹਿਰ ਬਾਅਦ 5.0 ਐਮ.ਐਮ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਪੇਂਡੂ ਖੇਤਰ ਵਿਚ ਪਈ ਭਰਵੀਂ ਬਾਰਸ਼ ਦੇ ਅੰਕੜੇ ਬਠਿੰਡਾ ਮੌਸਮ ਵਿਭਾਗ ਨਾਲ ਮੇਲ ਨਹੀਂ ਖਾ ਰਹੇ, ਕਿਉਂਕਿ ਪੇਂਡੂ ਖੇਤਰ ਵਿਚ ਅੱਜ ਦੁਪਹਿਰ ਤੋਂ ਸ਼ਾਮ ਤਕ ਤੇਜ਼ ਬਾਰਸ਼ ਪੈਂਦੀ ਰਹੀ।ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਜਸਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਬਾਰਸ਼ ਨਾਲ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ ’ਤੇ ਤੇਲੇ ਦੇ ਹਮਲੇ ਲਈ ਇਹ ਬਾਰਸ਼ ਲਾਹੇਵੰਦ ਹੈ ਜਦੋਂ ਕਿ ਝੋਨੇ ਦੇ ਪੌਦੇ ਵਿਚ ਪਨਪ ਰਹੀ ਗੋਭ ਵਾਲੀ ਸੁੰਡੀ ਲਈ ਵੀ ਮੀਂਹ ਲਾਹੇਵੰਦ ਹੈ। ਵਿਭਾਗ ਅਨੁਸਾਰ ਜੇਕਰ ਮੌਸਮ ਵਿਚ ਲਗਾਤਾਰ ਬੱਦਲਵਾਈ ਬਣੀ ਰਹਿੰਦੀ ਹੈ ਤਾਂ ਨਰਮੇ ਦੇ ਪੱਤੇ ਖ਼ਰਾਬ ਹੋ ਜਾਂਦੇ ਹਨ ਤੇ ਹੋਰ ਬਿਮਾਰੀਆਂ ਪੈਦਾ ਹੁੰਦੀਆਂ ਹਨ। ਮਾਨਸਾ(ਜੋਗਿੰਦਰ ਸਿੰਘ ਮਾਨ): ਚੜ੍ਹਦੀ ਭਾਦੋਂ ਅੱਜ ਪੈਣ ਲੱਗੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਭਾਵੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਮੀਂਹ ਨੂੰ ਸਾਉਣੀ ਦੀਆਂ ਫਸਲਾਂ ਲਈ ਲਾਹੇਵੰਦ ਦੱਸ ਰਹੇ ਹਨ, ਪਰ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਮੀਂਹ ਤੋਂ ਝੌਰਾ ਪੈਦਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਦੋਂ ਦੀ ਝੜੀ ਨਰਮੇ ਦੀ ਫੁੱਲ ਬੂਕੀ ਡੇਗ ਦਿੰਦੀ ਹੈ। ਖੇਤਾਂ ਵਿਚ ਮੀਂਹ ਦੇ ਭਾਰ ਨਾਲ ਨਰਮੇ ਟੇਡੇ ਹੋ ਕੇ ਡਿੱਗਣ ਲੱਗ ਪੈਂਦੇ ਹਨ। ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ ਦੀ ਫਸਲ ਬੇਹੱਦ ਵਧੀਆ ਸੀ ਅਤੇ ਹੁਣ ਲਗਾਤਾਰ ਤਿੰਨ ਦਿਨ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਨੇ ਕਿਸਾਨਾਂ ਵਿਚ ਘਬਰਾਹਟ ਪੈਦਾ ਕਰ ਦਿੱਤੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਨਰਮੇ ਅਤੇ ਝੋਨੇ ਉਪਰ ਪੈਦਾ ਹੋ ਰਹੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਈ ਸਿੱਧ ਹੋਵੇਗਾ।

Previous articleਜੇਤਲੀ ਦੀ ਹਾਲਤ ਨਾਜ਼ੁਕ
Next articleਭਾਖੜਾ ਡੈਮ ਦੇ ਪਾਣੀ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ