ਮੀਂਹ ਨੇ ਧਾਰਮਿਕ ਸਮਾਗਮਾਂ ਵਿਚ ਰੁਕਾਵਟ ਪਾਈ

ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਤੋਂ ਇਕ ਦਿਨ ਪਹਿਲਾਂ ਪਏ ਮੀਂਹ ਨੇ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਮੀਂਹ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜ਼ਿਆਦਾਤਰ ਸਮਾਗਮ ਉਸ ਜ਼ਮੀਨ ’ਤੇ ਕੀਤੇ ਜਾ ਰਹੇ, ਜਿੱਥੇ ਖੇਤੀ ਕੀਤੀ ਜਾਂਦੀ ਰਹੀ ਹੈ। ਇਹ ਖੇਤ ਵੀ ਸੜਕ ਤੋਂ ਨੀਂਵੇ ਹਨ।
ਇਸੇ ਤਰ੍ਹਾਂ ਲੰਗਰ ਸਥਾਨ ਨੇੜੇ ਚਿੱਕੜ ਅਤੇ ਪਾਣੀ ਖੜ੍ਹਾ ਹੋਣ ਕਾਰਨ ਸੰਗਤ ਲਈ ਮੁਸ਼ਕਲ ਪੈਦਾ ਹੋ ਗਈ ਹੈ। ਟੈਂਟ ਸਿਟੀ ਵਿਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਹੈ ਤੇ ਧਾਰਮਿਕ ਸਮਾਗਮ ਸਥਾਨ ਨੇੜੇ ਵੀ ਚੁਫੇਰੇ ਪਾਣੀ ਅਤੇ ਚਿੱਕੜ ਨਜ਼ਰੀਂ ਪੈ ਰਿਹਾ ਹੈ। ਪ੍ਰਬੰਧਕੀ ਕੰਪਲੈਕਸ, ਜਿੱਥੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਆਰਜ਼ੀ ਦਫ਼ਤਰ ਬਣਾਏ ਗਏ ਹਨ, ਵੀ ਮੀਂਹ ਕਾਰਨ ਚੋਅ ਰਹੇ ਹਨ। ਕਹਿਣ ਨੂੰ ਤਾਂ ਟੈਂਟ ਵਾਟਰ ਪਰੂਫ਼ ਹਨ ਪਰ ਇਹ ਅੱਜ ਪਏ ਭਾਰੀ ਮੀਂਹ ਅੱਗੇ ਟਿਕ ਨਹੀਂ ਸਕੇ। ਇਸ ਕਾਰਨ ਕਰੋੜਾਂ ਰੁਪਏ ਨਾਲ ਤਿਆਰ ਕੀਤੇ ਪ੍ਰਬੰਧਕੀ ਬਲਾਕ ਦੀ ਛੱਤ ਕਈ ਥਾਵਾਂ ਤੋਂ ਚੋਂਦੀ ਦੇਖੀ ਗਈ।
ਹੈਰਾਨੀਜਨਕ ਗੱਲ ਇਹ ਹੈ ਕਿ ਟੈਂਟ ਸਿਟੀ ਅਤੇ ਧਾਰਮਿਕ ਸਮਾਗਮਾਂ ਲਈ ਜੋ ਮੰਚ ਤਿਆਰ ਕੀਤੇ ਗਏ ਹਨ, ਇਹ ਮੁੱਖ ਸੜਕ ਤੋਂ ਨੀਵੀਂ ਜ਼ਮੀਨ ਹੈ, ਜਿੱਥੋਂ ਪਾਣੀ ਦਾ ਨਿਕਾਸ ਵੀ ਨਹੀਂ ਹੈ। ਇਸ ਕਰਕੇ ਉੱਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਦਿੱਕਤ ਆਵੇਗੀ। ਖ਼ਬਰ ਲਿਖੇ ਜਾਣ ਤੱਕ ਡੇਰਾ ਬਾਬਾ ਨਾਨਕ ਅਤੇ ਆਸ ਪਾਸ ਦੇ ਖੇਤਰ ਵਿਚ ਭਾਰੀ ਮੀਂਹ ਪੈ ਰਿਹਾ ਸੀ, ਜੋ ਭਲਕ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਉਧਰ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਂਹ ਦੌਰਾਨ ਹੀ ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਬਾਬਾ ਸ੍ਰੀ ਚੰਦ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ।
ਇਹ ਗੇਟ ਕਾਰਸੇਵਾ ਵਾਲੇ ਬਾਬੇ ਦੁਆਰਾ ਤਿਆਰ ਕੀਤਾ ਗਿਆ ਹੈ। ਇਸੇ ਗੇਟ ਨੇੜੇ ਬਾਬਾ ਮਨਜੀਤ ਸਿੰਘ ਜ਼ੀਰਕਪੁਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸਬੰਧੀ ਫੁੱਲਾਂ ਦੀ ਫੱਟੀ ਤਿਆਰ ਕੀਤੀ ਗਈ ਹੈ, ਜਿਸ ’ਤੇ ਫੁੱਲਾਂ ਨਾਲ ਏਕਮ ਲਿਖਿਆ ਗਿਆ ਹੈ, ਦਾ ਉਦਘਾਟਨ ਵੀ ਸ੍ਰੀ ਰੰਧਾਵਾ ਨੇ ਅੱਜ ਕਰਨਾ ਸੀ ਪਰ ਮੀਂਹ ਨੇ ਕੋਈ ਵਾਹ ਨਾ ਜਾਣ ਦਿੱਤੀ। ਲਾਂਘੇ ਦੇ ਅੰਦਰੂਨੀ ਅਤੇ ਬਾਹਰੀ ਚੱਲ ਰਹੇ ਕੰਮਾਂ ਨੂੰ ਅੰਤਿਮ ਛੋਹਾਂ ਦੇ ਰਹੇ ਤਕਨੀਕੀ ਮਾਹਿਰਾਂ ਅਤੇ ਕਾਮਿਆਂ ਦੀ ਵੀ ਮੀਂਹ ਨੇ ਕੋਈ ਵਾਹ ਨਾ ਜਾਣ ਦਿੱਤੀ। ਭਾਰੀ ਮੀਂਹ ਕਾਰਨ ਬਾਹਰੀ ਕੰਮਾਂ ਨੂੰ ਰੋਕਣਾ ਪਿਆ ਹੈ। ਤੇਜ਼ ਹਵਾ ਨੇ ਕਈ ਰਾਜਸੀ ਪਾਰਟੀਆਂ ਅਤੇ ਧਾਰਮਿਕ ਸਮਾਗਮਾਂ ਦੇ ਲਗਾਏ ਬੋਰਡਾਂ ਨੂੰ ਉਖੇੜ ਦਿੱਤਾ।

Previous articleਬੇਮੌਸਮੀ ਮੀਂਹ ਨੇ ਕਣਕ ਤੇ ਮੱਕੀ ਦੀ ਫ਼ਸਲ ਨੁਕਸਾਨੀ
Next articleਕਸ਼ਮੀਰ ਵਿੱਚ ਭਾਰੀ ਬਰਫਬਾਰੀ ਕਾਰਨ ਚਾਰ ਮੌਤਾਂ