ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਭਾਰਤ ਦਾ ਪੱਲੜਾ ਭਾਰੀ

ਵਿਸ਼ਵ ਕੱਪ ’ਚ ਮੰਗਲਵਾਰ ਨੂੰ ਇੱਥੇ ਨਿਉੂਜ਼ੀਲੈਂਡ ਵਿਰੁੱਧ ਭਾਰਤ ਨੇ ਆਪਣਾ ਪੱਲੜਾ ਭਾਰੀ ਰੱਖਿਆ ਪਰ ਮੀਂਹ ਕਾਰਨ ਮੈਚ ਕਿਸੇ ਨਤੀਜੇ ਉੱਤੇ ਨਹੀਂ ਪੁੱਜ ਸਕਿਆ। ਹੁਣ ਬੁੱਧਵਾਰ ਨੂੰ ਨਿਊਜ਼ੀਲੈਂਡ ਬਾਕੀ ਬਚੇ 3.5 ਓਵਰ ਖੇਡੇਗਾ। ਇਸ ਤੋਂ ਬਾਅਦ ਭਾਰਤੀ ਪਾਰੀ ਸ਼ੁਰੂ ਹੋਵੇਗੀ। ਜੇ ਕੱਲ੍ਹ ਵੀ ਮੀਂਹ ਪੈਂਦਾ ਹੈ ਤੇ ਨਿਊਜ਼ੀਲੈਂਡ ਅੱਗੇ ਬੱਲੇਬਾਜ਼ੀ ਨਹੀਂ ਕਰ ਸਕਦਾ ਤਾਂ ਭਾਰਤ ਨੇ 46 ਓਵਰਾਂ ਵਿੱਚ 237 ਦੌੜਾਂ ਬਣਾਉਣੀਆਂ ਹੋਣਗੀਆਂ। ਜੇ ਸਿਰਫ 20 ਓਵਰ ਦੀ ਖੇਡ ਸੰਭਵ ਹੁੰਦੀ ਹੈ ਤਾਂ ਭਾਰਤ ਅੱਗੇ 148 ਦੌੜਾਂ ਦਾ ਟੀਚਾ ਹੋਵੇਗਾ। ਜੇ ਬੁੱਧਵਾਰ ਨੂੰ ਵੀ ਮੈਚ ਪੂਰਾ ਨਹੀਂ ਹੁੰਦਾ ਤਾਂ ਲੀਗ ਗੇੜ ਵਿੱਚ ਅੰਕਾਂ ਦੇ ਹਿਸਾਬ ਨਾਲ ਭਾਰਤੀ ਟੀਮ ਫਾਈਨਲ ਵਿੱਚ ਪੁੱਜ ਜਾਵੇਗੀ। ਇਸ ਤੋਂ ਪਹਿਲਾਂ ਅੱਜ ਭਾਰਤੀ ਗੇਂਦਬਾਜ਼ਾਂ ਨੇ ਕਸਵੀਂ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਨਿਊਜ਼ੀਲੈਂਡ ਨੂੰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਪਹਿਲੇ ਸੈਮੀ -ਫਾਈਨਲ ਮੈਚ ਵਿੱਚ ਅੱਜ ਇੱਥੇ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ ਅਤੇ ਮੀਂਹ ਕਾਰਨ ਜਦੋਂ ਮੈਚ 46.1 ਓਵਰ ਦੌਰਾਨ ਰੋਕਿਆ ਗਿਆ ਤਾਂ ਕਿਵੀ ਟੀਮ ਪੰਜ ਵਿਕਟਾਂ ’ਤੇ 211 ਦੌੜਾਂ ਬਣਾ ਕੇ ਜੂਝ ਰਹੀ ਸੀ। ਕੇਨ ਵਿਲੀਅਮਸਨ (95 ਗੇਂਦਾਂ ’ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ ’ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਅਤੇ ਰੋਸ ਟੇਲਰ (ਨਾਬਾਦ 67 ਦੌੜਾਂ) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ, ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ ’ਤੇ ਵਿਕਟਾਂ ਝਟਕਾਈਆਂ। ਜਸਪ੍ਰੀਤ ਬੁਮਰਾਹ (25 ਦੌੜਾਂ ਦੇ ਕੇ ਇੱਕ) ਅਤੇ ਭੁਵਨੇਸ਼ਵਰ ਕੁਮਾਰ (30 ਦੌੜਾਂ ਦੇ ਕੇ ਇੱਕ) ਨੇ ਸ਼ੁਰੂ ਤੋਂ ਹੀ ਕਸੀ ਹੋਈ ਗੇਂਦਬਾਜ਼ੀ ਕਰਕੇ ਨਿਊਜ਼ੀਲੈਂਡ ’ਤੇ ਦਬਾਅ ਬਣਾਇਆ। ਵਿਚਕਾਰਲੇ ਓਵਰਾਂ ਵਿੱਚ ਰਵਿੰਦਰ ਜਡੇਜਾ (34 ਦੌੜਾਂ ਦੇ ਕੇ ਇੱਕ) ਨੇ ਇਹ ਭੂਮਿਕਾ ਬਖ਼ੂਬੀ ਨਿਭਾਈ। ਹਾਰਦਿਕ ਪਾਂਡਿਆ (55 ਦੌੜਾਂ ਦੇ ਕੇ ਇੱਕ ਵਿਕਟ) ਅਤੇ ਯੁਜ਼ਵੇਂਦਰ ਚਾਹਲ (63 ਦੌੜਾਂ ਦੇ ਕੇ ਇੱਕ ਵਿਕਟ) ਆਪਣੇ ਆਖ਼ਰੀ ਓਵਰਾਂ ਵਿੱਚ ਦੌੜਾਂ ਨੂੰ ਖੋਰਾ ਲੱਗਣ ਤੋਂ ਨਹੀਂ ਰੋਕ ਸਕੇ। ਸ਼ੁਰੂ ਵਿੱਚ ਗੇਂਦ ਸਵਿੰਗ ਹੋ ਰਹੀ ਸੀ ਅਤੇ ਬੁਮਰਾਹ ਅਤੇ ਭੁਵਨੇਸ਼ਵਰ ਨੇ ਬੱਲੇਬਾਜ਼ਾਂ ’ਤੇ ਚੰਗੀ ਤਰ੍ਹਾਂ ਦਬਾਅ ਬਣਾਇਆ। ਵਿਰਾਟ ਕੋਹਲੀ ਨੇ ਟਾਸ ਗੁਆਉਣ ਮਗਰੋਂ ਪਹਿਲਾਂ ਗੇਂਦਬਾਜ਼ੀ ਕਰਦਿਆਂ ਪਹਿਲੀ ਹੀ ਗੇਂਦ ’ਤੇ ਆਪਣਾ ਰੈਫਰਲ ਵੀ ਗੁਆ ਲਿਆ। ਮਾਰਟਿਨ ਗੁਪਟਿਲ (ਇੱਕ ਦੌੜ) ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ ਅਤੇ ਬੁਮਰਾਹ ਨੇ ਚੌਥੇ ਓਵਰ ਵਿੱਚ ਉਸ ਨੂੰ ਕੋਹਲੀ ਹੱਥੋਂ ਕੈਚ ਕਰਵਾਇਆ। ਉਸ ਸਮੇਂ ਨਿਊਜ਼ੀਲੈਂਡ ਦਾ ਸਕੋਰ ਇੱਕ ਦੌੜ ’ਤੇ ਇੱਕ ਵਿਕਟ ਸੀ।

Previous articleਸ਼੍ਰੋਮਣੀ ਕਮੇਟੀ ਵੱਲੋਂ ਇਮਰਾਨ ਨੂੰ ਨਗਰ ਕੀਰਤਨ ’ਚ ਸ਼ਾਮਲ ਹੋਣ ਦਾ ਸੱਦਾ
Next articleਓਲਡ ਟਰੈਫਰਡ ਸਟੇਡੀਅਮ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ