ਮੀਂਹ ਕਾਰਨ ਮੰਡੀਆਂ ’ਚ ਝੋਨਾ ਬਦਰੰਗ ਤੇ ਫ਼ਸਲਾਂ ਕਰੰਡ

ਮਾਲਵਾ ਖੇਤਰ ਵਿੱਚ ਬੀਤੀ ਰਾਤ ਆਏ ਮੀਂਹ ਨੇ ਝੋਨੇ ਦੀ ਤੁਲਾਈ ਅਤੇ ਝੜਾਈ ਦਾ ਕੰਮ ਰੋਕ ਦਿੱਤਾ ਹੈ, ਹਲਕੇ ਮੀਂਹ ਨੇ ਲਿਫਟਿੰਗ ਦਾ ਕਾਰਜ ਵੀ ਰੋਕ ਦਿੱਤਾ ਹੈ। ਮੰਡੀਆਂ ਵਿੱਚ ਕਈ ਦਿਨਾਂ ਤੋਂ ਪਿਆ ਕਿਸਾਨਾਂ ਦਾ ਝੋਨਾ ਬੋਲੀ ਦੇ ਯੋਗ ਨਹੀਂ ਰਿਹਾ, ਇਸ ਝੋਨੇ ਵਿੱਚ ਸਿੱਲ੍ਹ ਕਾਰਨ ਨਮੀ ਭਰ ਗਈ ਹੈ। ਮਾਲਵਾ ਖੇਤਰ ਦੇ ਕਿਸੇ ਵੀ ਜ਼ਿਲ੍ਹੇ ਵਿੱਚ, ਕਿਸੇ ਵੀ ਮੰਡੀ ਵਿੱਚ ਆੜ੍ਹਤੀਆਂ ਦੀਆਂ ਤਰਪਾਲਾਂ ਦੀ ਥਾਂ ਕਿਸਾਨਾਂ ਨੇ ਆਪਣੇ ਘਰਾਂ ‘ਚੋਂ ਪੱਲੀਆਂ ਅਤੇ ਮੋਮੀ ਕਾਗਜ਼ ਲਿਆ ਕੇ ਜਿਣਸ ਨੂੰ ਢਕਿਆ ਹੈ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਅੱਜ ਸਾਰਾ ਦਿਨ ਮਾਨਸਾ ਅਤੇ ਇਸ ਦੇ ਨਾਲ ਲੱਗੇ ਇਲਾਕਿਆਂ ਵਿੱਚ ਕਿਸੇ ਵੀ ਖਰੀਦ ਕੇਂਦਰ ‘ਚ ਝੋਨੇ ਦੀ ਬੋਲੀ ਨਹੀਂ ਲੱਗ ਸਕੀ ਹੈ। ਅੱਜ ਕਿਸੇ ਵੀ ਖਰੀਦ ਕੇਂਦਰ ਵਿੱਚ ਕਿਸੇ ਸਰਕਾਰੀ ਅਧਿਕਾਰੀ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਬਾਰੇ ਵੀ ਜਾਣਕਾਰੀ ਨਹੀਂ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾਂ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਜਿਣਸ ਨੂੰ ਭਿੱਜਣ ਤੋਂ ਬਚਾਉਣ ਲਈ ਕੋਈ ਬੰਦੋਬਸਤ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਅਜਿਹੀ ਜਿਣਸ ਨੂੰ ਮੀਂਹ-ਕਣੀਂ ਤੋਂ ਬਚਾਉਣ ਲਈ ਹਰੇਕ ਆੜ੍ਹਤੀਏ ਕੋਲ ਤਰਪਾਲ ਦਾ ਹੋਣਾ ਜ਼ਰੂਰੀ ਹੈ, ਪਰ ਅਜਿਹਾ ਮਾਨਸਾ ਜ਼ਿਲ੍ਹੇ ਦੇ 115 ਖਰੀਦ ਕੇਂਦਰਾਂ ਵਿੱਚ ਕਿਧਰੇ ਵੀ ਨਹੀਂ ਹੋਇਆ ਹੈ।
ਮੀਂਹ ਨੇ ਝੋਨੇ ਤੋਂ ਇਲਾਵਾ ਖੇਤਾਂ ਵਿੱਚ ਖੜ੍ਹੇ ਨਰਮੇ ਦੀ ਚੁਗਾਈ ਨੂੰ ਵੀ ਠੱਲ੍ਹ ਪਾਈ ਹੈ। ਅੱਜ ਇਸ ਖੇਤਰ ਵਿਚਲੇ ਖੇਤਾਂ ਵਿੱਚ ਨਾ ਹੀ ਪਿਛੇਤੇ ਝੋਨੇ ਦੀ ਕਟਾਈ ਦਾ ਕੰਮ ਚੱਲਿਆ ਹੈ ਅਤੇ ਨਾ ਹੀ ਨਰਮੇ ਦੀ ਚੁਗਾਈ ਦਾ ਕਾਰਜ ਚੱਲ ਸਕਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੌਸਮ ਦੇ ਮੱਦੇਨਜ਼ਰ ਮੰਡੀਆਂ ਵਿੱਚ ਪ੍ਰਬੰਧ ਯਕੀਨੀ ਬਣਾਉਣ।

Previous articleਮਹਿਲਾ ਕ੍ਰਿਕਟ: ਭਾਰਤ ਨੇ ਵੈਸਟ ਇੰਡੀਜ਼ ਤੋਂ ਲੜੀ ਜਿੱਤੀ
Next articleਬੇਮੌਸਮੀ ਮੀਂਹ ਨੇ ਕਣਕ ਤੇ ਮੱਕੀ ਦੀ ਫ਼ਸਲ ਨੁਕਸਾਨੀ