ਮਿੰਨੀ ਪੰਜਾਬ ਸਾਊਥਾਲ ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ “ਗੁਰੂ ਨਾਨਕ ਰੋਡ”

ਲੰਡਨ (ਰਾਜਨਦੀਪ) (ਸਮਾਜਵੀਕਲੀ)-: ਸਿੱਖ ਭਾਈਚਾਰਾ ਜਿੱਥੇ ਵੀ ਗਿਆ ਹੈ, ਨਾ ਤਾਂ ਉਸ ਨੇ ਗੁਰੂਆਂ ਦੀ ਕਿਰਤ ਕਰਨ ਦੀ ਮੱਤ ਨੂੰ ਵਿਸਾਰਿਆ ਹੈ ਅਤੇ ਨਾ ਹੀ ਵੰਡ ਛਕਣ ਤੇ ਨਾਮ ਨੂੰ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਦੇ ਕੰਮਾਂ ਨੂੰ ਮਾਣ ਮਿਲਣਾ ਫ਼ਖਰ ਵਾਲੀ ਗੱਲ ਹੈ। ਬਰਤਾਨੀਆ ਵਸਦੇ ਸਿੱਖ ਭਾਈਚਾਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਇੱਥੋਂ ਦੀ ਇੱਕ ਸੜਕ ਦਾ ਨਾਂ ਹੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਣ ਦੀ ਗੱਲ ਹੋ ਰਹੀ ਹੋਵੇ।

ਜੀ ਹਾਂ, ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਾਊਥਾਲ ਵਿਖੇ ਪੱਛਮੀ ਯੂਰਪ ਦਾ ਸਭ ਤੋਂ ਵਿਸ਼ਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈਵਲੌਕ ਰੋਡ ‘ਤੇ ਸਥਿਤ ਹੈ। ਹੁਣ ਹੈਵਲੌਕ ਰੋਡ ਦਾ ਨਾਂ ਬਦਲ ਕੇ “ਗੁਰੂ ਨਾਨਕ ਰੋਡ” ਰੱਖਣ ਦੀ ਸ਼ਾਹਦੀ ਈਲਿੰਗ ਕੌਂਸਲ ਲੀਡਰ ਜੂਲੀਅਨ ਬਿਲ ਨੇ ਵੀਡੀਓ ਸੰਦੇਸ਼ ਰਾਹੀਂ ਭਰਦਿਆਂ ਜਲਦੀ ਹੀ ਖੁਸ਼ੀ ਭਰੀ ਖ਼ਬਰ ਨੂੰ ਹਕੀਕਤ ਵਿੱਚ ਬਦਲਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੇ ਸਰਵਹਿਤਕਾਰੀ ਕੰਮਾਂ ਕਰਕੇ ਈਲਿੰਗ ਕੌਂਸਲ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਮਾਣਮੱਤਾ ਸਥਾਨ ਰੱਖਦਾ ਹੈ।

ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ ਜਨਤਕ ਥਾਵਾਂ ਦੇ ਨਾਮ ਆਦਿ ਬਦਲਣ ਸੰਬੰਧੀ ਕਾਰਵਾਈ ਨੂੰ ਅਮਲ ‘ਚ ਲਿਆਉਣ ਵੇਲੇ ਹੈਵਲੌਕ ਰੋਡ ਦਾ ਨਾਂ ਬਦਲਣ ਦੀ ਤਜਵੀਜ਼ ਨੂੰ ਵੀ ਹਰੀ ਝੰਡੀ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਹਿੰਮ ਵਜੋਂ ਇਹ ਕਾਰਜ ਸਿੱਖ ਭਾਈਚਾਰੇ ਨੂੰ ਤੋਹਫ਼ਾ ਹੋਵੇਗਾ। ਜ਼ਿਕਰਯੋਗ ਹੈ ਕਿ ਜੂਲੀਅਨ ਬਿਲ ਦਾ ਵੀਡੀਓ ਸੰਦੇਸ਼ ਜਨਤਕ ਹੋਣ ਦੀ ਦੇਰ ਹੀ ਸੀ ਕਿ ਹਰ ਇੱਕ ਦੇ ਹੱਥਾਂ ‘ਚ ਫੜ੍ਹੇ ਮੋਬਾਈਲ ਫੋਨਾਂ ਤੱਕ ਪਹੁੰਚ ਗਿਆ।

ਸਿੱਖ ਭਾਈਚਾਰੇ ਦੇ ਲੋਕ ਇਸ ਐਲਾਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਕੇ ਖੁਸ਼ੀ ਮਨਾ ਰਹੇ ਹਨ ਤੇ ਹੋਰਨਾਂ ਧਰਮਾਂ ਫਿਰਕਿਆਂ ਦੇ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ। ਈਲਿੰਗ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ,ਸੋਹਣ ਸਿੰਘ ਸਮਰਾ,ਡਾ ਪਲਵਿੰਦਰ ਸਿੰਘ ਗਰਚਾ,ਦਵਿੰਦਰ ਸਿੰਘ ਕੂਨਰ, ਗ੍ਰੇਟਰ ਲੰਡਨ ਅਸੰਬਲੀ ਮੈਂਬਰ ਡਾ: ਉਂਕਾਰ ਸਹੋਤਾ,  ਸਮੇਤ ਈਲਿੰਗ ਕੌਂਸਲ ਦੇ ਮੇਅਰ, ਸਮੂਹ ਕੌਂਸਲਰਾਂ ਤੇ ਸੰਗਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Previous articleਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਦੀਆਂ ਉਚ ਕੋਟੀ ਦੀਆਂ 9 ਫੀਸਦੀ ਯੂਨੀਵਰਸਿਟੀਆਂ ‘ਚ ਚਮਕੀ
Next articleਸਰਕਾਰ ਤਾਲਾਬੰਦੀ ਦੀ ਕਸਰ ਕੱਢਣ ’ਤੇ ਤੁਲੀ: ਲਗਾਤਾਰ ਪੰਜਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ