ਮਿੰਨੀ ਕਹਾਣੀ— ਸੱਚਾਈ ਦਾ ਸਾਹਮਣਾ

ਹਰਪ੍ਰੀਤ ਸਿੰਘ ਬਰਾੜ – ਬਠਿੰਡਾ
ਪ੍ਰਕਾਸ਼ ਨੁੰ ਜਦੋਂ ਪਤਾ ਚੱਲਿਆ ਕਿ ਕਾਲਜ ‘ਚ ਪੜ੍ਹਨ ਵਾਲੇ ਉਸ ਦੇ ਇਕਲੌਤੇ ਪੁੱਤਰ ਮਨਵਿੰਦਰ ਨੂੰ ਸ਼ਰਾਬ ਪੀਣ ਦੀ ਆਦਤ ਪੈ ਚੁੱਕੀ ਹੈ, ਤਾਂ ਉਹ ਬਹੁਤ ਦੁਖੀ ਹੋਇਆ। ਉਸ ਨੂੰ ਚਿੰਤਾ ਸਤਾਉਣ ਲੱਗੀ ਕਿ ਮਨਵਿੰਦਰ ਦੀ ਇਹ ਆਦਤ ਕਿਤੇ ਲਤ ‘ਚ ਨਾ ਬਦਲ ਜਾਵੇ। ਸ਼ਰਾਬ ਤੋਂ ਖਹਿੜਾ ਛੁਡਵਾਉਣ ਲਈ ਮਨਵਿੰਦਰ ਨੂੰ ਪਿਆਰ ਨਾਲ ਸਮਝਾਇਆ। ਨਹੀਂ ਮੰਨਿਆਂ ਤਾਂ ਫਿਰ ਰਿਸ਼ਤੇਦਾਰਾਂ ਨੂੰ ਸੱਦ ਕੇ ਝਾੜ—ਝੰਬ ਵੀ ਕਰਵਾਈ ਗਈ। ਫਿਰ ਵੀ ਗੱਲ ਨਾ ਬਣੀ। ਕੁੱਟਮਾਰ ਕਰਕੇ ਵੀ ਦੇਖ ਲਿਆ।

ਇਨ੍ਹਾਂ ਸਾਰਿਆਂ ਤਰੀਕਿਆਂ ਨਾਲ ਮਨਵਿੰਦਰ ਨਹੀਂ ਸੁਧਰਿਆ ਤਾਂ ਪ੍ਰਕਾਸ਼ ਮਜ਼ਬੂਰੀ ਵੱਸ ਉਸ ਨੂੰ ਨਸ਼ਾ ਛੜਾਊ ਸੈਂਟਰ ਲੈ ਗਿਆ। ਦੁਖੀ ਪ੍ਰਕਾਸ਼ ਨੇ ਸੈਂਟਰ ਦੇ ਕਾਊਂਸਲਰ ਨੂੰ ਸਭ ਵਿਸਤਾਰ ਨਾਲ ਦੱਸਦੇ ਹੋਏ ਮਨਵਿੰਦਰ ਦੀ ਸ਼ਰਾਬ ਦੀ ਲਤ ਛੁਡਾਉਣ ਦੀ ਬੇਨਤੀ ਕੀਤੀ। ਕਾਊਂਸਲਰ ਨੂੰ ਜਦੋਂ ਪਤਾ ਲੱਗਿਆ ਕਿ ਪ੍ਰਕਾਸ਼ ਖੁਦ ਸ਼ਰਾਬ ਦੀ ਦੁਕਾਨ ਚਲਾਉਣ ਦਾ ਕੰਮ ਕਰਦਾ ਹੈ, ਤਾਂ ਉਹ ਥੋੜ੍ਹਾ ਹੈਰਾਨ ਹੋ ਗਏ।ਕਾਉਂਸਲਰ ਨੇ ਪ੍ਰਕਾਸ਼ ਨੂੰ ਸਮਝਾੳੋੁਦੇ ਹੋਏ ਕਿਹਾ, ਤੁਹਾਡੇ ਤੋਂ ਸ਼ਰਾਬ ਖਰੀਦ ਕੇ ਪੀਣ ਵਾਲਾ ਵੀ ਕਿਸੇ ਦਾ ਪਿੳ, ਭਰਾ ਜਾਂ ਪੁੱਤ ਹੁੰਦਾ ਹੈ। ਜੇਕਰ ਤੁਹਾਡਾ ਪੁੱਤਰ ਵੀ ਸ਼ਰਾਬ ਪੀਂਦਾ ਹੈ, ਤਾਂ ਤੁਹਾਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ। ਪ੍ਰਕਾਸ਼ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਗਰਮ ਤਵੇ ‘ਤੇ ਪਾਣੀ ਦੇ ਛਿੱਟੇ ਮਾਰ ਦਿੱਤੇ ਹੋਣ। ਉਸ ਨੇ ਉਸੇ ਵਕਤ ਹਮੇਸ਼ਾ ਲਈ ਸ਼ਰਾਬ ਵੇਚਣ ਦਾ ਕੰਮ ਛੱਡਣ ਦਾ ਫੈਸਲਾ ਲੈ ਲਿਆ।

Previous articleBSP need to rise up and get connected with people to fulfill Bahujan mission as envisaged by Manyawar Kanshi Ram
Next articleBhim Army chief Chandrashekhar forms Azad Samaj Party