ਮਿਹਨਤੀ ਮੁੰਡਾ

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ)

ਸੂਬਾ ਬੜਾ ਮਿਹਨਤੀ ਮੁੰਡਾ ਸੀ।ਰੇਹੜੀ ਤੇ ਕੱਪੜੇ ਵੇਚ-ਵੇਚ ਉਸਨੇ ਡਿਪਲੋਮੇ ਤੱਕ ਦੀ ਪੜ੍ਹਾਈ ਕੀਤੀ। ਉਸਦੀ ਮਿਹਨਤ ਵੇਖ, ਆਪ ਵੀ ਕੱਪੜੇ ਦਾ ਕੰਮ ਕਰਦੇ, ਉਸਦੇ ਚਾਚੇ ਨੇ ਉਸਨੂੰ ਇੱਕ ਟੈਂਪੂ ਲੈ ਦਿੱਤਾ। ਹਰ ਰੋਜ ਸੂਰਜ ਉਗਣ ਤੋਂ ਪਹਿਲਾਂ ਹੀ ਸੂਬਾ ਫੇਰੀ ਲਈ ਨਿਕਲ ਜਾਂਦਾ।ਦਿਨ-ਰਾਤ ਕੀਤੀ ਉਸਦੀ ਮਿਹਨਤ ਰੰਗ ਲਿਆਈ, ਪਰ ਹੁਣ ਚਾਚੇ ਦੇ ਰੰਗ ਬਦਲ ਗਏ।

ਉਸਨੇ ਚਾਚੇ ਤੋਂ ਵੀ ਚੰਗਾ ਕੰਮ ਤੋਰ ਲਿਆ ਸੀ। ਇਹ ਗੱਲ ਚਾਚੇ ਦੇ ਹਜ਼ਮ ਨਾ ਆਈ, ਉਸਨੇ ਸੂਬੇ ਨੂੰ ਦਿੱਤਾ ਟੈਂਪੂ ਵਾਪਸ ਲੈ ਲਿਆ। ਜਿਸ ਨਾਲ ਉਚੇਰੀ ਪੜ੍ਹਾਈ ਕਰਕੇ ਵੀ ਸੂਬਾ ਫਿਰ ਉਹਨਾਂ ਮਾੜੇ ਹਾਲਾਤਾਂ ਵਿੱਚ ਆ ਗਿਆ। ਹੁਣ ਫਿਰ ਉਹ ਰੇਹੜੀ ਤੇ ਕੱਪੜਾ ਵੇਚ ਰਿਹਾ ਸੀ। ਮਹੀਨੇ ‘ਕੁ ਮਗਰੋਂ ਉਹ ਐਕਟਿਵਾ ਤੇ ਕੱਪੜੇ ਲੈਕੇ ਆਇਆ ਵੇਖ ਬੜੀ ਖੁਸ਼ੀ ਹੋਈ।

ਮੇਰੇ ਮਾਤਾ ਜੀ ਬੋਲੇ, “ਇਹ ਬੜਾ ਮਿਹਨਤੀ ਮੁੰਡਾ ਹੈ। ਐਕਟਿਵਾ ਤਾਂ ਕੀ ਇਸਨੇ ਜਲਦੀ ਉਹੋ ਜਿਹਾ ਟੈਂਪੂ ਵੀ ਲੈ ਹੀ ਲੈਣਾ ਜੋ ਇਸਦੇ ਚਾਚੇ ਨੇ ਖੋਇਆ ਹੈ।”

ਸਾਲ ਮਗਰੋਂ ਐਤਵਾਰ ਵਾਲੇ ਦਿਨ ਗਲੀ ਵਿੱਚ ਕੱਪੜੇ ਦੀ ਸੇਲ ਵਾਲੀ ਗੱਡੀ ਆਈ ਦੀ ਅਨਾਊਂਸਮੈਂਟ ਸੁਣਾਈ ਦਿੱਤੀ। ਇਹ ਗੱਡੀ ਉਸੇ ਸੂਬੇ ਦੀ ਸੀ, ਜੋ ਕਦੀ ਹੱਥ ਰੇਹੜੀ ਤੇ ਕੱਪੜਾ ਵੇਚਦਾ ਸੀ। ਸਾਰੇ ਮੁਹੱਲੇ ਵਾਲੇ ਉਸਨੂੰ ਹੱਲਾਸ਼ੇਰੀ ਦੇ ਰਹੇ ਸਨ।

ਸਿਆਣੀਆਂ ਔਰਤਾਂ ਸੂਟ ਖਰੀਦ ਕੇ ਵਾਪਿਸ ਜਾਂਦੀਆਂ ਕਹਿ ਰਹੀਆਂ ਸਨ,”ਬਹੁਤ ਮਿਹਨਤੀ ਮੁੰਡਾ ਹੈ, ਕਾਸ਼ ਹੋਰ ਪੜੇ ਲਿਖੇ ਨੌਜਵਾਨ ਵੀ ਬਾਹਰ ਜਾਣ ਦੀ ਥਾਂ ਇੱਥੇ ਹੀ ਮਿਹਨਤ ਕਰਕੇ ਆਪਣਾ ਰੁਜ਼ਗਾਰ ਤੋਰਨ, ਇਹ ਮੁੰਡੇ ਨੇ ਮਿਹਨਤ ਕਰਨ ਦੀ ਕਿੰਨੀ ਸੋਹਣੀ ਉਦਾਹਰਣ ਦਿੱਤੀ ਹੈ।”

ਸੰਦੀਪ ਸਿੰਘ ‘ਬਖੋਪੀਰ’
ਸਪੰਰਕ :- 9815321017

Previous articleਬਿਨਾਂ ਕਾਰਨ ਦੱਸੇ ਕੰਮਾਂ ਤੋਂ ਹਟਾਏ ,ਹਜ਼ਾਰਾਂ ਬੇਰੁਜ਼ਗਾਰਾਂ ਦੀ ਸੁਣਵਾਈ ਹੁਣ ਕੌਣ ਕਰੇਗਾਂ
Next articleਚੀਨ ਨੇ ਹਾਂਗਕਾਂਗ ਮਾਮਲੇ ‘ਚ ਦਖਲ ਨੂੰ ਲੈ ਕੇ ਬ੍ਰਿਟੇਨ ਨੂੰ ਦਿੱਤੀ ਚਿਤਾਵਨੀ