ਮਿਸ਼ੇਲ ਤੋਂ ਜੇਲ੍ਹ ’ਚ ਪੁੱਛਗਿੱਛ ਕਰਨ ਬਾਰੇ ਜਵਾਬ ਤਲਬ

ਅਗਸਤਾਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਮਾਮਲੇ ’ਚ ਗ੍ਰਿਫ਼ਤਾਰ ਤੇ ਤਿਹਾੜ ਜੇਲ੍ਹ ਵਿਚ ਬੰਦ ਕ੍ਰਿਸਟੀਅਨ ਮਿਸ਼ੇਲ ਤੋਂ ਜੇਲ੍ਹ ’ਚ ਹੀ ਪੁੱਛਗਿੱਛ ਕਰਨ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ ’ਤੇ ਅਦਾਲਤ ਨੇ ਸਬੰਧਤ ਅਥਾਰਿਟੀ ਕੋਲੋਂ ਜਵਾਬ ਮੰਗਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਮੰਗਲਵਾਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਮਿਸ਼ੇਲ ਦੇ ਵਕੀਲ ਵੱਲੋਂ ਜੇਲ੍ਹ ਵਿਚ ਮਾਨਸਿਕ ਤਸ਼ੱਦਦ ਦਾ ਦੋਸ਼ ਲਾਏ ਜਾਣ ਤੋਂ ਬਾਅਦ ਵਿਸ਼ੇਸ਼ ਜੱਜ ਨੇ ਉਸ ਦਾ ਭਲਕ ਦਾ ਪ੍ਰੋਡਕਸ਼ਨ ਵਾਰੰਟ ਵੀ ਕੱਢਿਆ ਹੈ। ਮਿਸ਼ੇਲ ਨੂੰ ਵੱਖਰੇ ਤੇ ਉੱਚ ਸੁਰੱਖਿਆ ਵਾਲੇ ਸੈੱਲ ਵਿਚ ਤਬਦੀਲ ਨਾ ਕਰਨ ’ਤੇ ਵੀ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਦੀ ਖਿਚਾਈ ਕੀਤੀ ਸੀ। ਈਡੀ ਨੇ ਮਿਸ਼ੇਲ ਦੀ ਸਾਬਕਾ ਪਤਨੀ ਦੀ ਪੈਰਿਸ ਸਥਿਤ 5.83 ਕਰੋੜ ਰੁਪਏ ਮੁੱਲ ਦੀ ਸੰਪਤੀ ਵੀ ਜ਼ਬਤ ਕਰ ਲਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ ਹੈ। ਵੈਲਰੀ ਮਿਸ਼ੇਲ ਦੇ ਨਾਂ ਇਹ ਜਾਇਦਾਦ ਪੈਰਿਸ ਦੇ 45 ਐਵੇਨਿਊ, ਵਿਕਟਰ ਹਿਊਗੋ ’ਚ ਸਥਿਤ ਹੈ। ਈਡੀ ਦਾ ਕਹਿਣਾ ਹੈ ਕਿ ਵੈਲਰੀ ਦੇ ਨਾਂ ਇਹ ਜਾਇਦਾਦ ਕਥਿਤ ਘੁਟਾਲੇ ਵਿਚੋਂ ਹਾਸਲ ਪੈਸੇ ਨਾਲ ਬਣਾਈ ਗਈ ਹੈ। ਵਿਵਾਦਾਂ ਵਿਚ ਘਿਰੇ ਸੌਦੇ ’ਚ ਵਿਚੋਲਗੀ ਦੌਰਾਨ ਮਿਲਿਆ ਰਾਸ਼ੀ ਦਾ ਹਿੱਸਾ ਮਿਸ਼ੇਲ ਨੇ ਸਾਬਕਾ ਪਤਨੀ ਦੇ ਨਾਂ ਤਬਦੀਲ ਕੀਤਾ ਸੀ ਤੇ ਇਸ ਦੇ ਸਬੂਤ ਏਜੰਸੀ ਕੋਲ ਹਨ। ਮਿਸ਼ੇਲ ਨੂੰ ਲੰਘੇ ਵਰ੍ਹੇ ਦਸੰਬਰ ਵਿਚ ਯੂਏਈ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਆਉਂਦਿਆਂ ਹੀ ਉਸ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ।

Previous articleਮਹਿਲ ਵੱਲ ਜਾਂਦੇ ਮੁਲਾਜ਼ਮਾਂ ਨੂੰ ਪੁਲੀਸ ਨੇ ਰਾਹ ’ਚ ਰੋਕਿਆ
Next articleਬਾਂਸਲ ਅਤੇ ਕਿਰਨ ਤੋਂ ਕਾਰਗੁਜ਼ਾਰੀ ਦਾ ਹਿਸਾਬ ਮੰਗਾਂਗੇ: ਧਵਨ