ਮਿਨੀ ਬੱਸ ਪਲਟੀ; ਅੱਧਾ ਦਰਜਨ ਸਵਾਰੀਆਂ ਜ਼ਖ਼ਮੀ

ਤਲਵਾੜਾ– ਇੱਥੇ ਅੱਡਾ ਝੀਰ ਦਾ ਖੂਹ ਤੋਂ ਕਮਾਹੀ ਦੇਵੀ ਨੂੰ ਜਾ ਰਹੀ ਇੱਕ ਮਿਨੀ ਬੱਸ ਪਿੰਡ ਨੱਥੂਵਾਲ ਦੇ ਨਜ਼ਦੀਕ ਪਲਟ ਗਈ। ਹਾਦਸੇ ’ਚ ਛੇ ਸਵਾਰੀਆਂ ਦੇ ਸੱਟਾਂ ਲੱਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਮਿੰਨੀ ਬੱਸ ਨੰਬਰ ਪੀਬੀ 07-ਐਨ-5421 ਕਰੀਬ 4 ਵਜੇ ਅੱਡਾ ਝੀਰ ਦਾ ਖੂਹ ਤੋਂ ਕਮਾਹੀ ਦੇਵੀ ਨੂੰ ਨਿਕਲੀ। ਜੋ ਕਰੀਬ ਸਵਾ ਚਾਰ ਵਜੇ ਨੱਥੂਵਾਲ ਦੇ ਪੈਟਰੋਲ ਪੰਪ ਤੋਂ ਸੌ ਕੁ ਮੀਟਰ ਪਹਿਲਾਂ ਹਾਦਸਾਗ੍ਰਸਤ ਹੋ ਗਈ। ਪ੍ਰਤੱਖ ਦਰਸ਼ੀਆਂ ਅਨੁਸਾਰ ਬੱਸ ਅੱਗੇ ਅਚਾਨਕ ਆਏ ਕੁੱਤੇ ਕਾਰਨ ਇਹ ਹਾਦਸਾ ਵਾਪਰਿਆ। ਬੱਸ ਡਰਾਈਵਰ ਨੇ ਜਿਵੇਂ ਹੀ ਬਰੇਕ ਲਗਾਈ, ਬੱਸ ਰੁਕ ਗਈ ਅਤੇ ਬੀਬੀਐਨਐਲ ਵੱਲੋਂ ਜ਼ਮੀਨਦੋਜ਼ ਪਾਈਪ ਲਈ ਪੁਟਾਈ ਕੀਤੀ ਜ਼ਮੀਨ ’ਚ ਧੱਸਣ ਕਾਰਨ ਪਲਟ ਕੇ ਹੇਠਾਂ 12 ਫੁੱਟ ਡੂੰਘੀ ਖਾਈ ’ਚ ਡਿੱਗ ਗਈ। ਥਾਣਾ ਤਲਵਾੜਾ ਦੇ ਮੁਖੀ ਭੂਸ਼ਣ ਸੇਖੜੀ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਮੁਖੀ ਦੇ ਦੱਸਣ ਅਨੁਸਾਰ ਹਾਦਸੇ ’ਚ ਪੰਜ-ਛੇ ਦੇ ਕਰੀਬ ਸਵਾਰੀਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ ਜਿਨ੍ਹਾਂ ਨੂੰ ਸੀਐਚਸੀ ਕਮਾਹੀ ਦੇਵੀ ਵਿਖੇ ਇਲਾਜ ਲਈ ਲਿਜਾਇਆ ਗਿਆ। ਜ਼ਖ਼ਮੀਆਂ ’ਚ ਕਨਿਕਾ ਪੁੱਤਰੀ ਰਾਮ ਲਾਲ, ਰਜਨੀ ਪਤਨੀ ਦਿਲਬਾਗ ਸਿੰਘ, ਸ਼ਵੇਤਾ ਪੁਤਰੀ ਅਮਨਦੀਪ ਵਾਸੀ ਰਾਮਪੁਰ ਡਡਿਆਲੀ, ਕੀਰਤੀ ਪੁਤਰੀ ਵਿਨੋਦ ਕੁਮਾਰ ਬਹਿਚੁਹੜ, ਸਾਕਸ਼ੀ ਪਤਨੀ ਗੁਰਮੀਤ ਸਿੰਘ, ਸੋਨਾ ਦੇਵੀ ਪਤਨੀ ਖਿਆਲ ਸਿੰਘ ਵਾਸੀ ਬਹਿਫੱਤੋ ਆਦਿ ਸ਼ਾਮਲ ਸਨ। ਹਸਪਤਾਲ ਡਾਕਟਰਾਂ ਨੇ ਸ਼ਵੇਤਾ ਨੂੰ ਪੇਟ ’ਚ ਦਰਦ ਦੇ ਚੱਲਦਿਆਂ ਸਿਵਲ ਹਸਪਤਾਲ ਦਸੂਹਾ ਰੈਫ਼ਰ ਕਰ ਦਿੱਤਾ, ਜਦਕਿ ਬਾਕੀ ਜ਼ਖ਼ਮੀਆਂ ਨੂੰ ਮਲੱਮ ਪੱਟੀ ਕਰਕੇ ਘਰ ਭੇਜ ਦਿੱਤਾ ਹੈ। ਪੁਲੀਸ ਮੁਖੀ ਦੇ ਦੱਸਣ ਅਨੁਸਾਰ ਹਾਦਸੇ ਉਪਰੰਤ ਬੱਸ ਡਰਾਈਵਰ ਤੇ ਕੰਡਕਟਰ ਦੋਵੇਂ ਫਰਾਰ ਹਨ। ਬੱਸ ਦੇ ਕਾਗਜ਼ ਪੱਤਰਾਂ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।

Previous articleਚੰਡੀਗੜ੍ਹ ਭਾਜਪਾ ਪ੍ਰਧਾਨ ਦੀ ਚੋਣ ਲਈ ਅਰੁਣ ਸੂਦ ਨੇ ਭਰੀ ਨਾਮਜ਼ਦਗੀ
Next articleਮੌੜ ਬੰੰਬ ਧਮਾਕਾ: ‘ਸਿਟ’ ਨੇ ਡੇਰੇ ਨੂੰ ਜਾਂਚ ਦੇ ਘੇਰੇ ’ਚ ਲਿਆਂਦਾ