ਮਿਆਂਮਾਰ: ਪੁਲੀਸ ਵੱਲੋਂ ਰੇਲਵੇ ਕਰਮਚਾਰੀਆਂ ’ਤੇ ਗੋਲੀਬਾਰੀ

 

ਯੈਂਗੋਨ (ਸਮਾਜ ਵੀਕਲੀ) : ਹਥਿਆਰਬੰਦ ਦਸਤਿਆਂ ਵੱਲੋਂ ਬੀਤੀ ਰਾਤ ਕੀਤੀ ਗਈ ਹਿੰਸਾ ਤੋਂ ਬਾਅਦ ਅੱਜ ਵੱਡੀ ਗਿਣਤੀ ’ਚ ਲੋਕਾਂ ਨੇ ਸੜਕਾਂ ’ਤੇ ਆ ਕੇ ਰੋਸ ਮੁਜ਼ਾਹਰਾ ਕੀਤਾ। ਮਿਆਂਮਾਰ ਦੇ ਲੋਕ ਮੁਲਕ ’ਚ ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਪੁਲੀਸ ਨੇ ਬੀਤੀ ਰਾਤ ਮਾਂਡਲੇ ’ਚ ਰੇਲਵੇ ਵਰਕਰਾਂ ਦੇ ਘਰਾਂ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਰੋਸ ਮੁਜ਼ਾਹਰੇ ਕਰਨ ਤੋਂ ਰੋਕਣ ਲਈ ਗੋਲੀਬਾਰੀ ਕੀਤੀ ਹੈ। ਮੁਲਕ ਦਾ ਨਵਾਂ ਫੌਜੀ ਪ੍ਰਬੰਧ ਦੇਸ਼ ਕਾਰੋਬਾਰੀ ਸਰਕਾਰੀ ਸੰਸਥਾਵਾਂ ਨੂੰ ਲੋਕਾਂ ਤੋਂ ਬਚਾਉਣ ’ਤੇ ਧਿਆਨ ਦੇ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਦੇ ਰੇਲਵੇ ਵਰਕਰਾਂ ਨੇ ਸਿਵਲ ਨਾਫਰਮਾਨੀ ਲਹਿਰ (ਸੀਡੀਐੱਮ) ’ਚ ਸ਼ਾਮਲ ਹੋਣ ਲਈ ਐਤਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ। ਸੀਡੀਐੱਮ ਦੇਸ਼ ਦੇ ਮੈਡੀਕਲ ਕਾਮਿਆਂ ਵੱਲੋਂ ਚਲਾਈ ਜਾ ਰਹੀ ਹੈ। ਇੱਕ ਮਜ਼ਦੂਰ ਕਾਰਕੁਨ ਨੇ ਦੱਸਿਆ ਕਿ ਦੇਸ਼ ਦੇ ਬਹੁਤ ਸਾਰੇ ਮਜ਼ਦੂਰਾਂ ਤੇ ਨਾਗਰਿਕਾਂ ਦਾ ਮੰਨਣਾ ਹੈ ਜੁੰਟਾ ਨੂੰ ਹਰਾਉਣ ਲਈ ਸੀਡੀਐੱਮ ਬਹੁਤ ਹੀ ਕਾਰਗਾਰ ਹੈ। ਉਨ੍ਹਾਂ ਦੱਸਿਆ, ‘ਇਸੇ ਲਈ ਸਿਹਤ, ਸਿੱਖਿਆ, ਟਰਾਂਸਪੋਰਟ, ਵੱਖ ਵੱਖ ਸਰਕਾਰੀ ਤੇ ਬੈਂਕਾਂ ਦੇ ਮੁਲਾਜ਼ਮ ਇਕੱਠੇ ਹੋ ਕੇ ਸੀਡੀਐੱਮ ’ਚ ਸ਼ਾਮਲ ਹੋ ਰਹੇ ਹਨ।’

ਰੇਲਵੇ ਦੀ ਹੜਤਾਲ ਦੀ ਆਮ ਲੋਕਾਂ ਵੱਲੋਂ ਵੀ ਹਮਾਇਤ ਕੀਤੀ ਗਈ ਸੀ ਤੇ ਉਹ ਫੌਜ ਵੱਲੋਂ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਰੋਕਣ ਲਈ ਰੇਲਵੇ ਟਰੈਕਾਂ ’ਤੇ ਇਕੱਠੇ ਹੋਣ ਵਾਲੇ ਸਨ। ਮਾਂਡਲੇ ਦੇ ਵਸਨੀਕਾਂ ਵੱਲੋਂ ਬੀਤੀ ਰਾਤ ਰੇਲਵੇ ਲਾਈਨਾਂ ਰੋਕਣ ਦੀਆਂ ਕੋਸ਼ਿਸ਼ਾਂ ਦੌਰਾਨ ਹਿੰਸਾ ਭੜਕ ਗਈ। ਰਾਤ ਅੱਠ ਵਜੇ ਤੋਂ ਪਹਿਲਾਂ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਦੋ ਦਰਜਨ ਤੋਂ ਵੱਧ ਵਿਅਕਤੀ ਪੁਲੀਸ ਦੀ ਵਰਦੀ ’ਚ ਦਿਖਾਈ ਦਿੱਤੇ ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਸੋਸ਼ਲ ਮੀਡੀਆ ’ਤੇ ਇਸ ਸਬੰਧੀ ਵਾਇਰਲ ਹੋਈਆਂ ਵੀਡੀਓਜ਼ ਤੇ ਤਸਵੀਰਾਂ ‘ਚ ਕਈ ਲੋਕ ਜ਼ਖ਼ਮੀ ਹਾਲਤ ’ਚ ਦਿਖਾਈ ਦਿੱਤੇ।

Previous articleਗੋਗੋਈ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਫਸਾਉਣ ਦੀ ਸਾਜ਼ਿਸ਼ ਦੀ ਜਾਂਚ ਪ੍ਰਕਿਰਿਆ ਬੰਦ
Next articleHamid Ansari’s Woes: Plight of Pluralism in India