ਮਾੜੀ ਆਬੋ-ਹਵਾ ਵਾਲੇ ਖੇਤਰਾਂ ’ਚ ਪਟਾਕਿਆਂ ’ਤੇ ਪੂਰਨ ਪਾਬੰਦੀ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਗਰੀਨ ਟਿ੍ਰਬਿਊਨਲ (ਐੱਨਜੀਟੀ) ਵੱਲੋਂ ਵੱਧ ਰਹੇ ਹਵਾ ਪ੍ਰਦੂਸ਼ਣ ਤੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਪਟਾਕੇ ਵੇਚਣ ਅਤੇ ਚਲਾਊਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਐੱਨਜੀਟੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਜਿਹੜੇ ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ਦਰਮਿਆਨੀ ਹੈ, ਊਥੇ ਸਿਰਫ ਦੋ ਘੰਟਿਆਂ ਲਈ ਹਰੇ ਪਟਾਕੇ ਹੀ ਵੇਚੇ ਅਤੇ ਚਲਾਏ ਜਾ ਸਕਣਗੇ।

ਦਿੱਲੀ-ਐੱਨਸੀਆਰ ’ਚ ਅੱਜ ਅੱਧੀ ਰਾਤ ਤੋਂ ਹੀ ਪਟਾਕਿਆਂ ਦੀ ਵਿਕਰੀ ਅਤੇ ਚਲਾਊਣ ’ਤੇ ਰੋਕ ਲੱਗ ਗਈ ਹੈ ਜੋ 30 ਨਵੰਬਰ ਅੱਧੀ ਰਾਤ ਤੱਕ ਜਾਰੀ ਰਹੇਗੀ। ਐੱਨਜੀਟੀ ਨੇ ਆਪਣੇ ਹੁਕਮਾਂ ’ਚ ਕਿਹਾ ਹੈ ਕਿ ਪਟਾਕੇ ਚਲਾ ਕੇ ਖੁਸ਼ੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ ਪਰ ਮੌਤਾਂ ਅਤੇ ਬਿਮਾਰੀਆਂ ਦੇ ਅਜਿਹੇ ਜਸ਼ਨ ਨਾ ਮਨਾਏ ਜਾਣ। ਐੱਨਜੀਟੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਹੇਠਲੇ ਬੈਂਚ ਨੇ ਸਪੱਸ਼ਟ ਕੀਤਾ ਕਿ ਇਹ ਹੁਕਮ ਮੁਲਕ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਲਈ ਹਨ ਜਿਥੇ ਪਿਛਲੇ ਸਾਲ ਨਵੰਬਰ ’ਚ ਹਵਾ ਦੀ ਗੁਣਵੱਤਾ ‘ਮਾੜੀ’ ਅਤੇ ਹੋਰ ਨੀਵੇਂ ਪੱਧਰ ਦੀ ਸੀ।

ਬੈਂਚ ਨੇ ਕਿਹਾ ਕਿ ਪਟਾਕਿਆਂ ਦੀ ਵਿਕਰੀ ਅਤੇ ਊਨ੍ਹਾਂ ਨੂੰ ਚਲਾਊਣ ਬਾਰੇ ਪਹਿਲੀ ਦਸੰਬਰ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ। ਬੈਂਚ ਨੇ ਕਿਹਾ,‘‘ਜਿਹੜੇ ਸ਼ਹਿਰਾਂ/ਕਸਬਿਆਂ ’ਚ ਹਵਾ ਗੁਣਵੱਤਾ ‘ਦਰਮਿਆਨੀ’ ਜਾਂ ਊਸ ਤੋਂ ਹੇਠਾਂ ਹੈ, ਊਥੇ ਸਿਰਫ਼ ਹਰੇ ਪਟਾਕੇ ਹੀ ਵੇਚੇ ਜਾ ਸਕਦੇ ਹਨ ਅਤੇ ਲੋਕ ਦੀਵਾਲੀ, ਛੱਠ, ਕ੍ਰਿਸਮਸ ਅਤੇ ਨਵੇਂ ਵਰ੍ਹੇ ’ਤੇ ਸਿਰਫ਼ ਦੋ ਘੰਟਿਆਂ ਲਈ ਹੀ ਪਟਾਕੇ ਚਲਾ ਸਕਣਗੇ। ਹੋਰ ਥਾਵਾਂ ’ਤੇ ਸਬੰਧਤ ਪ੍ਰਸ਼ਾਸਨ ਵੱਲੋਂ ਲਏ ਗਏ ਫ਼ੈਸਲੇ ਹੀ ਲਾਗੂ ਹੋਣਗੇ।’’

ਐੱਨਜੀਟੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਹੈ ਕਿ ਕੋਵਿਡ-19 ਦੇ ਮੁੜ ਤੋਂ ਫੈਲਣ ਦੀ ਸੰਭਾਵਨਾ ਦੌਰਾਨ ਊਹ ਹਰ ਪੱਧਰ ’ਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮਾਂ ਚਲਾਊਣ। ਬੈਂਚ ਨੇ ਕਿਹਾ,‘‘ਪਟਾਕੇ ਖੁਸ਼ੀਆਂ ਮਨਾਊਣ ਲਈ ਚਲਾਏ ਜਾਂਦੇ ਹਨ। ਇਹ ਮੌਤ ਅਤੇ ਬਿਮਾਰੀ ਦਾ ਜ਼ਸਨ ਮਨਾਊਣ ਲਈ ਨਹੀਂ ਹਨ। ਦੂਜਿਆਂ ਦੀ ਜਾਨ ਦੀ ਕੀਮਤ ’ਤੇ ਕੁਝ ਲੋਕਾਂ ਵੱਲੋਂ ਖੁਸ਼ੀਆਂ ਮਨਾਊਣਾ ਭਾਰਤੀ ਸਮਾਜ ਦੀਆਂ ਕਦਰਾਂ-ਕੀਮਤਾਂ ਨਹੀਂ ਹਨ ਜੋ ਸਾਰਿਆਂ ਲਈ ਖੁਸ਼ੀਆਂ ਅਤੇ ਸਲਾਮਤੀ ਮੰਗਦੀਆਂ ਹਨ।’’ ਕੇਂਦਰੀ ਅਤੇ ਸੂਬਾਈ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਸਮੇਂ ਦੌਰਾਨ ਨਿਯਮਤ ਤੌਰ ’ਤੇ ਹਵਾ ਗੁਣਵੱਤਾ ਦੀ ਨਿਗਰਾਨੀ ਕਰਦਿਆਂ ਸਬੰਧਤ ਵੈੱਬਸਾਈਟਾਂ ’ਤੇ ਅਪਲੋਡ ਕਰ ਸਕਦੇ ਹਨ। ਬੈਂਚ ਨੇ ਊਨ੍ਹਾਂ ਨੂੰ ਪੂਰੀ ਰਿਪੋਰਟ ਅਗਲੀ ਤਰੀਕ ਤੋਂ ਪਹਿਲਾਂ ਈ-ਮੇਲ ਰਾਹੀਂ ਦਾਖ਼ਲ ਕਰਨ ਲਈ ਕਿਹਾ ਹੈ।

ਇੰਡੀਅਨ ਫਾਇਰਵਰਕ ਮੈਨੂਫੈਕਚਰਰ ਐਸੋਸੀਏਸ਼ਨ ਦੀ ਤਰਫੋਂ ਸੀਨੀਅਰ ਐਡਵੋਕੇਟ ਮਹੇਸ਼ ਜੇਠਮਲਾਨੀ ਨੇ ਦਲੀਲਾਂ ਦਿੱਤੀਆਂ। ਐੱਨਜੀਟੀ ਨੇ ਕਿਹਾ ਕਿ ਵਿੱਤੀ ਅਤੇ ਰੁਜ਼ਗਾਰ ਦੇ ਨੁਕਸਾਨ ਦਾ ਹਵਾਲਾ ਦੇਣਾ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀ ਸਥਿਤੀ ਦਾ ਹੱਲ ਨਹੀਂ ਹੈ। ਊਨ੍ਹਾਂ ਕਿਹਾ ਕਿ ਨਾਗਰਿਕ ਸਾਫ਼ ਹਵਾ ’ਚ ਸਾਹ ਲੈਣ ਦੇ ਹੱਕਦਾਰ ਹਨ।

Previous articleChurchill planned to ‘keep a bit of India’ as Britain pumped up the princes
Next articleਅਕਾਲੀ ਸਰਕਾਰ ਬਣਨ ’ਤੇ ਧਰਮਸੋਤ ਨੂੰ ਸਲਾਖ਼ਾਂ ਪਿੱਛੇ ਸੁੱਟਾਂਗੇ: ਸੁਖਬੀਰ